ਗੁਰਦਾਸਪੁਰ – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਹਨ। ਰਾਜਪਾਲ ਨੇ ਦੋ ਟੂਕ ਸ਼ਬਦਾਂ ’ਚ ਕਿਹਾ ਕਿ ਮੰਤਰੀ ਜੋ ਕਹਿੰਦੇ ਹਨ, ਉਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਮੈਨੂੰ ਇਨ੍ਹਾਂ ਗੱਲਾਂ ਦੀ ਕੋਈ ਪ੍ਰਵਾਹ ਹੈ। ਇਸ ਦੇ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ, ਮੈਂ ਰਾਜਨੀਤੀ ਨਹੀਂ ਕਰਦਾ, ਮੈਂ ਆਪਣਾ ਕੰਮ ਕਰ ਰਿਹਾ ਹਾਂ, ਜਿਥੇ ਚੰਗੇ ਕੰਮ ਹੁੰਦੇ ਹਨ, ਉੱਥੇ ਮੈਂ ਪੁਲਸ ਅਤੇ ਪ੍ਰਸ਼ਾਸਨ ਦੀ ਵੀ ਤਾਰੀਫ ਕਰਦਾ ਹਾਂ, ਜਿਥੇ ਕਮੀ ਹੈ, ਮੈਂ ਬੋਲਾਂਗਾ। ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਮੰਤਰੀਆਂ ਨੇ ਰਾਜਪਾਲ ਬਨਵਾਰੀ ਨਲ ਪੁਰੋਹਿਤ ਦੇ ਸਰਹੱਦੀ ਖੇਤਰਾਂ ਦੇ ਲਗਾਤਾਰ ਦੌਰੇ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਸੂਬੇ ਦਾ ਦੌਰਾ ਕਰਨਾ ਰਾਜਪਾਲ ਦਾ ਕੰਮ ਨਹੀਂ ਹੈ। ਇਹ ਸਵਾਲ ਰਾਜਪਾਲ ਦੇ ਪੰਜਾਬ ਸਰਹੱਦੀ ਖੇਤਰ ਦੇ ਪਹਿਲੇ ਦੌਰੇ ਦੌਰਾਨ ਵੀ ਉਠਿਆ ਹੈ। ਇਸ ਤੋਂ ਪਹਿਲਾਂ ਰਾਜਪਾਲ ਨੇ ਅਜਿਹੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਸੀ ਪਰ ਬੀਤੇ ਦਿਨ ਉਨ੍ਹਾਂ ਪਹਿਲੀ ਵਾਰ ਇਸ ਦਾ ਜਵਾਬ ਦਿੱਤਾ ਹੈ। ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਾਕਿਸਤਾਨ ’ਤੇ ਲੁਕਵੀਂ ਜੰਗ ਛੇੜਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਭਾਰਤ ਨਾਲ ਸਿੱਧੀ ਜੰਗ ਲੜਨ ਦੀ ਹਿੰਮਤ ਨਹੀਂ ਹੈ, ਉਹ ਪੰਜਾਬ ਸਰਹੱਦ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸੱਕਰੀ ਕਰਵਾ ਕੇ ਲੁਕਵੀਂ ਜੰਗ ਛੇੜ ਰਹੇ ਹਨ। ਦੂਜੇ ਦੇਸਾਂ ਨੂੰ ਨਸ਼ੇ ਅਤੇ ਹਥਿਆਰ ਭੇਜਣਾ ਇਕ ਤਰਾਂ ਦੀ ਜੰਗ ਹੈ। ਰਾਜਪਾਲ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਚੌਥਾ ਸਰਕਾਰੀ ਅਤੇ ਪੰਜਵਾਂ ਗੈਰ-ਸਰਕਾਰੀ ਦੌਰਾ ਹੈ। ਇਸ ਦੌਰਾਨ ਜੋ ਵੀ ਫੈਸਲੇ ਲਏ ਗਏ, ਉਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ। ਪੰਜਾਬ ਦਾ ਗਵਰਨਰ ਬਣਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਪਾਕਿਸਤਾਨ ਦੀ ਸਰਹੱਦ ਨੂੰ ਮਜਬੂਤ ਕਰਨ ਦੀ ਸੀ, ਤਾਂ ਜੋ ਪਾਕਿਸਤਾਨ ਦੀਆਂ ਹਰਕਤਾਂ ਨੂੰ ਰੋਕਿਆ ਜਾ ਸਕੇ। 5 ਵਾਰ ਇਥੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਸਰਹੱਦੀ ਖੇਤਰ ਦੇ ਲੋਕਾਂ ਅਤੇ ਸਰਪੰਚਾਂ ਨਾਲ ਮੁਲਾਕਾਤ ਕੀਤੀ, ਤਾਂ ਜੋ ਸਰਹੱਦ ਦੀ ਸਮੱਸਿਆ ਨੂੰ ਸਮਝਿਆ ਜਾ ਸਕੇ।
ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) 24 ਘੰਟੇ ਸਰਹੱਦ ’ਤੇ ਤਾਇਨਾਤ ਰਹਿਣ ਤੋਂ ਇਲਾਵਾ ਫੌਜ, ਸਥਾਨਕ ਪੁਲਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਕਾਰ ਤਾਲਮੇਲ ਬਣਾਇਆ ਗਿਆ, ਇਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਸਰਹੱਦ ’ਤੇ ਡਰੋਨ ਸੁੱਟੇ ਜਾਣ ਦੀ ਗਿਣਤੀ ਵੱਧ ਗਈ ਹੈ। ਇਹ ਇਕ ਵੱਡੀ ਸਫਲਤਾਂ ਹੈ। ਰਾਜਪਾਲ ਨੇ ਦੱਸਿਆ ਕਿ ਇਥੇ ਦੂਜਾ ਕੰਮ ਸਰਹੱਦੀ ਖੇਤਰ ਦੇ ਪਿੰਡਾਂ ’ਚ ਸੁਰੱਖਿਆ ਕਮੇਟੀਆਂ ਬਣਾਉਣ ਦਾ ਸੀ। ਜ਼ਿਲਾ ਪੁਲਸ ਸੁਪਰਡੈਂਟ ਅਤੇ ਹਰ ਜ਼ਿਲੇ ਦੇ ਜ਼ਿਲਾ ਡਿਪਟੀ ਕਮਿਸ਼ਨਰ ਨੇ ਮਿਲ ਕੇ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਖੇਤਰ ’ਚ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਕਮੇਟੀ ’ਚ 11 ਤੋਂ 15 ਲੋਕ ਹਨ। 10 ਕਿਲੋਮੀਟਰ ਦੇ ਹਰ ਪਿੰਡ ਨੂੰ ਕਵਰ ਕਰਨ ਤੋਂ ਬਾਅਦ ਹੁਣ 5 ਕਿਲੋਮੀਟਰ ਹੋਰ ਪਿੰਡਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਜਾਵੇਗਾ। ਰਾਜਪਾਲ ਨੇ ਕਿਹਾ ਕਿ ਸਰਹੱਦ ਪਾਰੋਂ ਆਏ ਤਸਕਰ ਆਪਣੇ ਨਾਪਾਕ ਮਨਸੂਬਿਆਂ ਨੂੰ ਉਦੋਂ ਹੀ ਅੰਜਾਮ ਦੇ ਸਕੇ ਜਦੋਂ ਇੱਥੋਂ ਦੇ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ। ਇਹ ਸ਼ਰਾਰਤੀ ਅਨਸਰ ਭਾਵੇਂ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਜਾਂਦੇ ਹਨ ਪਰ ਪਿੰਡ ਦੇ ਲੋਕ ਇਨ੍ਹਾਂ ਬਾਰੇ ਜਾਣਦੇ ਹਨ। ਪਿੰਡ ਦਾ ਕੋਈ ਵੀ ਵਿਅਕਤੀ ਆਪਣੇ ਪਿੰਡ ਦੇ ਸ਼ਰਾਰਤੀ ਅਨਸਰਾਂ ਨਾਲ ਦੁਸ਼ਮਣੀ ਨਹੀਂ ਰੱਖਣਾ ਚਾਹੁੰਦਾ। ਇਸ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਆ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਦਾ ਜ਼ਿਲਾ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਸ ਸੁਪਰਡੈਂਟ ਨਾਲ ਸਿੱਧਾ ਸਬੰਧ ਹੈ। ਹਰ ਗਲਤ ਕੰਮ ਹੁਣ ਪੁਲਸ ਕੋਲ ਜਾ ਰਿਹਾ ਹੈ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਕਮੇਟੀਆਂ ਜਿਸ ਤਰਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਦਾ ਸਨਮਾਨ ਕਰਨਾ ਵੀ ਜ਼ਰੂਰੀ ਹੈ। ਇਸ ਲਈ ਹੁਣ ਇਨ੍ਹਾਂ ਸਾਰੀਆਂ ਕਮੇਟੀਆਂ ਦੇ ਮੈਂਬਰਾਂ ਲਈ ਪਹਿਰਾਵਾ ਤੈਅ ਕੀਤਾ ਜਾਵੇਗਾ। ਤਾਂ ਜੋ ਉਨ੍ਹਾਂ ਦੀ ਵੱਖਰੀ ਪਛਾਣ ਹੋ ਸਕੇ। ਬਾਰਡਰ ਤੇ ਡਰੋਨ ਮੂਵਮੈਂਟ ਕਾਫੀ ਵੱਧ ਰਹੀ ਹੈ, ਕਈ ਡਰੋਨ ਡਿਗਾਏ ਜਾ ਰਹੇ ਹਨ, ਲੇਕਿਨ ਜੋ ਇਨਪੁਟ ਕੇਂਦਰ ਨੂੰ ਮਿਲ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਲਈ ਆਰਮੀ ਦੇ ਨਾਲ ਮਿਲ ਕੇ ਸੀਮਾ ਸੁੱਖਿਆ ਬਲ ਨਵੀਨਤਮ ਤਕਨੀਕਾਂ ਤੇ ਰਿਸਰਚ ਕਰ ਰਹੀ ਹੈ। ਕਈ ਟ੍ਰੇਨਿੰਗ ਸਫਲ ਵੀ ਹੋਈ ਹੈ। ਕੋਸ਼ਿਸ਼ ਹੈ ਕਿ ਇਨਾਂ ਦਾ ਪ੍ਰਯੋਗ ਇਸ ਸਾਲ ਹੀ ਬਾਰਡਰ ਤੇ ਕੀਤਾ ਜਾ ਸਕੇਗਾ, ਤਾਂ ਕਿ ਮਜ਼ਬੂਤ ਸਰਹੱਦ ਦਾ ਨਿਰਮਾਣ ਕੀਤਾ ਜਾ ਸਕੇ।