ਚੰਡੀਗੜ੍ਹ : ਕੋਰੋਨਾ ਤੋਂ ਬਾਅਦ ਹੁਣ ਪੰਜਾਬ ਵਾਸੀਆਂ ਨੂੰ ਡੇਂਗੂ ਦੀ ਬੀਮਾਰੀ ਦਾ ਖ਼ਤਰਾ ਸਤਾ ਰਿਹਾ ਹੈ। ਪੰਜਾਬ ‘ਚ ਸਾਲ 2021-22 ਦੇ ਮੁਕਾਬਲੇ ਸਾਲ 2022-23 ‘ਚ ਡੇਂਗੂ ਦੇ ਮਾਮਲਿਆਂ ‘ਚ ਬੇਸ਼ੱਕ 50 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ ਪਰ ਸਿਹਤ ਵਿਭਾਗ ਫਿਰ ਵੀ ਇਸ ਬੀਮਾਰੀ ਦੇ ਫੈਲਣ ਅਤੇ ਬਚਾਅ ਲਈ ਸਰਗਰਮ ਹੈ। ਸਾਲ 2021-22 ‘ਚ ਜਿੱਥੇ ਪੰਜਾਬ ‘ਚ ਡੇਂਗੂ ਦੇ 23389 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਸਾਲ 2022-23 ‘ਚ ਇਹ ਅੰਕੜਾ ਘੱਟ ਕੇ 11030 ਰਹਿ ਗਿਆ ਪਰ ਫਿਰ ਵੀ ਵਿਭਾਗ ਨੇ ਡੇਂਗੂ ਦੇ ਖ਼ਤਰੇ ‘ਤੇ ਰੋਕ ਲਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਿੱਥੇ ਸਬੰਧਿਤ ਵਿਭਾਗਾਂ ਨਾਲ ਪ੍ਰਬੰਧਾਂ ਦੀਆਂ ਤਿਆਰੀਆਂ ਲਈ ਬੈਠਕਾਂ ਦਾ ਦੌਰ ਜਾਰੀ ਹੈ, ਉੱਥੇ ਹੀ ਸਿਹਤ ਵਿਭਾਗ ਨੇ ਆਮ ਜਨਤਾ ਦੀ ਜਾਗਰੂਕਤਾ ਲਈ ਐਡਵਾਈਜ਼ਰੀ ਵੀ ਜਾਰੀ ਕਰਕੇ ਸਲਾਹ ਦਿੱਤੀ ਹੈ ਕਿ ਇਸ ਬੀਮਾਰੀ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਸਾਵਧਾਨੀ ਵਰਤਣ ‘ਤੇ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਡੇਂਗੂ ਨੂੰ ਹਲਕੇ ‘ਚ ਨਾ ਲਓ। ਤੇਜ਼ ਬੁਖ਼ਾਰ ਦੇ ਨਾਲ ਸਿਰਦਰਦ, ਮਾਸਪੇਸ਼ੀਆਂ ‘ਚ ਦਰਦ, ਚਮੜੀ ‘ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ।