ਚੰਡੀਗੜ੍ਹ : ਭ੍ਰਿਸ਼ਟਾਚਾਰ ਮਾਮਲੇ ’ਚ ਜੇਲ੍ਹ ’ਚ ਬੰਦ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਜ਼ਮਾਨਤ ਦੀ ਮੰਗ ’ਤੇ ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦਿਆਂ ਪੱਕੀ ਜ਼ਮਾਨਤ ਦੇ ਦਿੱਤੀ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਸਟਿਸ ਰਾਜਮੋਹਨ ਸਿੰਘ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦੇਰ ਸ਼ਾਮ ਹਾਈ ਕੋਰਟ ਨੇ ਪੱਕੀ ਜ਼ਮਾਨਤ ਦੇਣ ਦਾ ਫ਼ੈਸਲਾ ਦਿੱਤਾ।
ਬੀਤੀ 16 ਫਰਵਰੀ ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਨਿੱਜੀ ਸਹਾਇਕ ਰਸ਼ਿਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਉਪਰੰਤ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਵਿਧਾਇਕ ਨੂੰ ਵੀ ਇਸ ਮਾਮਲੇ ’ਚ ਗਿ੍ਫ਼ਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਦੇ ਪੀਏ ਨੇ ਵਿਧਾਇਕ ਦੇ ਨਾਂ ’ਤੇ ਹੀ ਇਹ ਰਿਸ਼ਵਤ ਲਈ ਸੀ। ਸਰਕਾਰ ਵੱਲੋਂ ਸਾਲ 2022-23 ਦੌਰਾਨ 15ਵੇਂ ਵਿੱਤੀ ਕਮਿਸ਼ਨ ਦੇ ਅਧੀਨ ਪਿੰਡ ਘੁੱਦਾ, ਜ਼ਿਲ੍ਹਾ ਬਠਿੰਡਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜੋ ਹਾਲੇ ਪੰਚਾਇਤ ਨੂੰ ਦੇਣੀ ਸੀ ਪਰ ਉਕਤ ਪ੍ਰਾਈਵੇਟ ਪੀਏ ਗਰਗ ਨੇ ਪਿੰਡ ਘੁੱਦਾ ਦੇ ਸਰਪੰਚ ਤੋਂ ਇਸ ਖ਼ਾਤਰ 5 ਲੱਖ ਦੀ ਰਿਸ਼ਵਤ ਮੰਗੀ ਸੀ।