ਬਠਿੰਡਾ- ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਧਮਾਕੇ ਤੋਂ ਬਾਅਦ ਹੁਣ ਸ਼ਰਾਰਤੀ ਅਨਸਰਾਂ ਵੱਲੋਂ ਬਠਿੰਡਾ ‘ਚ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਕ ਸ਼ਖ਼ਸ ਵੱਲੋਂ ਬਠਿੰਡਾ ‘ਚ ਬੰਬ ਧਮਾਕੇ ਕਰਵਾਉਣ ਦੀਆਂ ਧਮਕੀਆਂ ਨਾਲ ਭਰੀਆਂ ਚਿੱਠੀਆਂ ਸਿਆਸੀ ਆਗੂਆਂ, ਅਫ਼ਸਰਾਂ ਅਤੇ ਵਪਾਰੀਆਂ ਨੂੰ ਭੇਜੀਆਂ ਗਈਆਂ ਹਨ। ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਦੇ ਐੱਸ. ਐੱਸ. ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ‘ਚ ਐੱਫ਼. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਧਮਕੀਆਂ ਦੇਣ ਵਾਲਾ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫ਼ਤ ‘ਚ ਹੋਵੇਗਾ।
ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਧਮਕੀ ਭਰੀਆਂ ਚਿੱਠੀਆਂ ਪੋਸਟਮੈਨ ਜ਼ਰੀਏ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੂੰ 6 ਅਜਿਹੀਆਂ ਚਿੱਠੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚੋਂ ਇਕ ਅਸਲੀ ਤੇ ਬਾਕੀ ਫੋਟੋਕਾਪੀਆਂ ਹਨ। ਉਨ੍ਹਾਂ ਆਖਿਆ ਕਿ ਚਿੱਠੀਆਂ ‘ਚ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪੁਲਸ ਵੱਲੋਂ ਉਨ੍ਹਾਂ ਥਾਵਾਂ ‘ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੀ ਗਏ ਹਨ ਤਾਂ ਜੋ ਕੋਈ ਵੀ ਵੱਡੀ ਵਾਰਦਾਤ ਹੋਣ ਤੋਂ ਰੋਕੀ ਜਾ ਸਕੇ ਅਤੇ ਪੁਲਸ ਨੂੰ ਬਾਅਦ ਵਿਚ ਸ਼ਰਮਿੰਦਾ ਨਾ ਹੋਣਾ ਪਵੇ।