ਨਵੀਂ ਦਿੱਲੀ/ਮੋਗਾ (ਕਮਲ ਕਾਂਸਲ) : ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਅਤੇ ਕੈਨੇਡਾ ਵਿਚ ਮੌਜੂਦ ਗੈਂਗਸਟਰ ਦੂਨੀ ਦੇ ਕਰੀਬੀ ਗੈਂਗਸਟਰ ਅੰਮ੍ਰਿਤਪਾਲ ਨੂੰ ਫਿਲੀਪੀਂਸ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਅੰਮ੍ਰਿਤਪਾਲ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਹੈ ਅਤੇ ਗੈਂਗਸਟਰ ਅਰਸ਼ ਡਾਲਾ ਦਾ ਅਤਿ ਕਰੀਬੀ ਹੈ, ਜਿਸ ਨੂੰ ਬੀਤੀ ਦੇਰ ਰਾਤ ਫਿਲੀਪੀਂਸ ਤੋਂ ਭਾਰਤ ਲਿਆਂਦਾ ਗਿਆ ਹੈ।
ਸੂਤਰਾਂ ਮੁਤਾਬਕ ਗੈਂਗਸਟਰ ਅਰਸ਼ ਡਾਲਾ ਦਾ ਸਾਰਾ ਆਪ੍ਰੇਸ਼ਨ ਫਿਲੀਪੀਂਸ ਵਿਚ ਬੈਠ ਕੇ ਗੈਂਗਸਟਰ ਮਨਪ੍ਰੀਤ ਅਤੇ ਅੰਮ੍ਰਿਤਪਾਲ ਹੀ ਸੰਭਾਲ ਰਹੇ ਸਨ। ਗੈਂਗਸਟਰ ਅੰਮ੍ਰਿਤਪਾਲ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਫਿਲੀਪੀਂਸ ਵਿਚ ਬੈਠ ਕੇ ਅਰਸ਼ ਡਾਲਾ ਦੀ ਗੈਂਗ ਆਪ੍ਰੇਟ ਕਰ ਰਿਹਾ ਸੀ। ਇਸ ਦੇ ਇਸ਼ਾਰੇ ’ਤੇ ਪੰਜਾਬ ਵਿਚ ਕਈ ਖੂਨੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇੰਟਰਪੋਲ ਅਤੇ ਕੇਂਦਰੀ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀਆਂ ਦੀ ਮਦਦ ਨਾਲ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ।