ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ’ਚ ਹੋਈ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਏ ਵੱਡੇ ਫ਼ੈਸਲੇ


ਜਲੰਧਰ : ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ਵਿਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿਚ ਭਗਵੰਤ ਮਾਨ ਸਰਕਾਰ ਵਲੋਂ ਵੱਡੇ ਫ਼ੈਸਲੇ ਲਏ ਗਏ ਹਨ। ਮੀਟਿੰਗ ਵਿਚ ਲਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਵਜ਼ਾਰਤ ਦੀ ਬੈਠਕ ਵਿਚ ਆਬਕਾਰੀ ਵਿਭਾਗ ਵਲੋਂ 18 ਨਵੀਆਂ ਪੋਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਆਬਕਾਰੀ ਵਿਭਾਗ ਵਿਚ ਬਹੁਤ ਸਾਰਾ ਅਮਲਾ ਹੈ ਪਰ ਆਬਕਾਰੀ ਵਿਭਾਗ ਵਿਚ ਪਿਛਲੇ ਦਿਨੀਂ ਜਿਹੜਾ ਮੁਨਾਫ਼ਾ ਵਧਿਆ ਹੈ, ਇਸ ਤਹਿਤ ਹੋਰ ਸਟਾਫ ਦੀ ਲੋੜ ਹੈ, ਜਿਸ ਲਈ 18 ਅਸਾਮੀਆਂ ਨਵੀਂ ਬਣਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਸਰਕਾਰੀ ਪਟਿਆਲਾ ਦੇ ‘ਸਰਕਾਰੀ ਆਯੁਰਵੈਦਿਕ ਕਾਲਜ’ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਆਯੁਰਵੈਦਿਕ ਕਾਲਜ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਿਸਟੀ ਦੇ ਅੰਡਰ ਕੰਮ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਆਯੁਰਵੈਦਿਕ ਭਾਰਤ ਦੀ ਸਭ ਤੋਂ ਪੁਰਾਤਣ ਇਲਾਜ ਵਿਧੀ ਹੈ, ਲੋਕਾਂ ਨੂੰ ਪੁਰਾਤਣ ਵਿਧੀਆਂ ਵੱਲ ਲੈ ਕੇ ਜਾਵਾਂਗੇ। ਐਲੋਪੈਥੀ ਗਲਤ ਨਹੀਂ ਪਰ ਆਯੂਰਵੈਦਿਕ ਦੀ ਵੀ ਆਪਣੀ ਜਗ੍ਹਾ ਹੈ।

ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਮਾਲ ਪਟਵਾਰੀਆਂ ਦੀ ਟ੍ਰੇਨਿੰਗ ਵਿਚ ਬਹੁਤ ਸਮਾਂ ਲੱਗਦਾ ਸੀ, ਜੋ ਪਹਿਲਾਂ ਡੇਢ ਸਾਲ ਹੁੰਦਾ ਸੀ। ਇਸ ਡੇਢ ਸਾਲ ਦੀ ਟ੍ਰੇਨਿੰਗ ਨੂੰ ਉਨ੍ਹਾਂ ਦੇ ਪ੍ਰਵੇਸ਼ਨ ਪੀਰੀਅਡ ਵਿਚ ਨਹੀਂ ਗਿਣਿਆ ਜਾਂਦਾ ਸੀ। ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਦਾ ਨੌਕਰੀ ਦਾ ਪਹਿਲਾ ਦਿਨ ਗਿਣਿਆ ਜਾਂਦਾ ਸੀ। ਹੁਣ ਇਹ ਟ੍ਰੇਨਿੰਗ ਦਾ ਸਮਾਂ ਇਕ ਸਾਲ ਕਰ ਦਿੱਤਾ ਗਿਆ ਅਤੇ ਇਹ ਇਕ ਸਾਲ ਦਾ ਸਮਾਂ ਵੀ ਨੌਕਰੀ ਵਿਚ ਗਿਣਿਆ ਜਾਵੇਗਾ। ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਪੰਜਾਬ ਕੈਬਨਿਟ ਵਲੋਂ ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਵਿਚ 497 ਸਫਾਈ ਸੇਵਕ ਦਾ ਕਾਲਜਕਾਲ ਇਕ ਸਾਲ ਲਈ ਵਧਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕੈਬਨਿਟ ਨੇ ਗੁਰੂ ਅੰਗਦ ਦੇਵ ਯੂਨੀਵਰਿਸਚਟੀ ਦੇ ਅਧਿਆਪਕਾਂ ’ਤੇ ਯੂ. ਜੀ. ਸੀ. ਦੇ ਸੋਧੇ ਹੋਏ ਪੇ ਸਕੇਲ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਉਹ ਹੌਂਸਲਾ ਅਫਜ਼ਾਈ ਕਰਨ ਵਾਲਾ ਹੈ, ਮੈਂ ਜਨਤਾ ਨੂੰ ਨਿੱਜੀ ਤੌਰ ’ਤੇ ਬੇਨਤੀ ਕੀਤੀ ਸੀ ਜਿਸ ਨੂੰ ਜਲੰਧਰ ਵਾਸੀਆਂ ਨੇ ਪ੍ਰਵਾਨ ਕੀਤਾ ਹੈ। ਜਲੰਧਰ ਵਾਸੀਆਂ ਦਾ ਧੰਵਨਾਦ ਕਰਨ ਲਈ ਹੀ ਇਥੇ ਆਏ ਹਾਂ। ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਮਾਸਨਾ ਜ਼ਿਲੇ ਦੇ ਗੋਬਿੰਦਪੁਰਾ ਵਿਚ ਬਿਜਲੀ ਬਨਾਉਣ ਲਈ ਜ਼ਮੀਨ ਐਕਵਾਇਰ ਹੋਈ ਸੀ ਪਰ ਸਰਕਾਰਾਂ ਨੇ ਅਣਗੌਲਿਆਂ ਕਰ ਦਿੱਤਾ, ਉਸ ਜ਼ਮੀਨ ’ਤੇ ਸੋਲਰ ਅਤੇ ਰੀਨਿਊ ਐਨਰਜੀ ਲਈ ਮਨਜ਼ੂਰੀ ਦਿੱਤੀ ਗਈ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਮੁਤਾਬਕ ਫ਼ੈਸਲੇ ਲੈ ਰਹੀ ਹੈ। ਜਲੰਧਰ ਦੇ ਸੁੰਦਰੀ ਕਰਨ ਲਈ 95 ਕਰੋੜ 16 ਲੱਖ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਦਮਪੁਰ ਵਾਲੀ ਸੜਕ ਨੂੰ ਬਨਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਸਤੰਬਰ ਤੋਂ ਪਹਿਲਾਂ ਪਹਿਲਾਂ ਇਸ ਸੜਕ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ। ਗੁਰਾਇਆ-ਜੰਡਿਆਲਾ ਸੜਕ ਦਾ ਕੰਮ ਵੀ ਜਲਦ ਸ਼ੁਰੂ ਕਰਨ ਜਾ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਨਿਭਾਵਾਂਗੇ, ਜੋ ਲੋਕਾਂ ਨੇ ਦੱਸਿਆ ਜਿਹੜੀਆਂ ਮੁਸ਼ਕਲਾਂ ਦਿੱਸੀਆਂ, ਉਨ੍ਹਾਂ ਨੂੰ ਪੂਰਾ ਕਰਾਂਗੇ।

Leave a Reply

Your email address will not be published. Required fields are marked *