ਇੰਫਾਲ- ਮਣੀਪੁਰ ਵਿਚ ਆਦਿਵਾਸੀਆਂ ਦੇ ਅੰਦੋਲਨ ਦੌਰਾਨ ਹਿੰਸਾ ਭੜਕਣ ਮਗਰੋਂ ਸਥਿਤੀ ਕੰਟਰੋਲ ਕਰਨ ਲਈ ਫ਼ੌਜ ਅਤੇ ਆਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਫ਼ੌਜ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਹੁਣ ਤੱਕ 4,000 ਲੋਕਾਂ ਨੂੰ ਸੁਰੱਖਿਆ ਫੋਰਸ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਦਰਅਸਲ ਇੰਫਾਲ ਘਾਟੀ ਵਿਚ ਦਬਦਬਾ ਰੱਖਣ ਵਾਲੇ ਗੈਰ-ਆਦਿਵਾਸੀ ਮੇਇਤੀ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਇਲਾਕੇ ਵਿਚ ‘ਆਲ ਟਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ’ (ATSUM) ਵੱਲੋਂ ਸੱਦੇ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਹਿੰਸਾ ਭੜਕ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਰਚ ਵਿਚ ਹਜ਼ਾਰਾਂ ਅੰਦੋਲਨਕਾਰੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਆਦਿਵਾਸੀਆਂ ਅਤੇ ਗੈਰ-ਆਦਿਵਾਸੀਆਂ ਵਿਚਾਲੇ ਝੜਪ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਕਈ ਵਾਰ ਹੰਝੂ ਗੈਸ ਦੇ ਗੋਲੇ ਛੱਡੇ।
ਉਨ੍ਹਾਂ ਦੱਸਿਆ ਕਿ ਭੜਕੇ ਨੌਜਵਾਨਾਂ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਾਂਚੀਪੁਰ ਅਤੇ ਘਾਟੀ ‘ਚ ਪੂਰਬੀ ਇੰਫਾਲ ਦੇ ਸੋਇਬਾਮ ਲੀਕਾਈ ਇਲਾਕਿਆਂ ਵਿਚ ਇਕੱਠਾ ਹੁੰਦੇ ਵੇਖਿਆ ਗਿਆ। ਸਥਿਤੀ ਨੂੰ ਵੇਖਦੇ ਹੋਏ ਗੈਰ-ਆਦਿਵਾਸੀ ਬਹੁਲ ਇੰਫਾਲ ਪੱਛਮੀ, ਕਾਕਚਿੰਗ, ਥੌਬਲ, ਜਿਰੀਬਾਮ ਅਤੇ ਵਿਸ਼ਨੂੰਪੁਰ ਜ਼ਿਲ੍ਹਿਆਂ ਅਤੇ ਕਬਾਇਲੀ ਬਹੁਲਤਾ ਵਾਲੇ ਚੂਰਾਚੰਦਪੁਰ, ਕਾਂਗਪੋਕਪੀ ਅਤੇ ਟੇਂਗਨੋਪਾਲ ਜ਼ਿਲ੍ਹਿਆਂ ‘ਚ ਕਰਫਿਊ ਲਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਮੋਬਾਇਲ ਇੰਟਰਨੈੱਟ ਸੇਵਾਵਾਂ 5 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।