ਸਪੋਰਟਸ ਡੈਸਕ- ਮਾਈਕ੍ਰੋ-ਬਲੌਗਿੰਗ ਸਾਈਟ ਟਵਿਟਰ ਨੇ ਵੀਰਵਾਰ ਨੂੰ ਕਈ ਖਾਤਿਆਂ ਤੋਂ ਵਿਰਾਸਤੀ ਪ੍ਰਮਾਣਿਤ ਬਲੂ ਟਿੱਕਸ ਨੂੰ ਹਟਾ ਦਿੱਤਾ ਹੈ। ਟਵਿਟਰ ਨੇ ਉਨ੍ਹਾਂ ਲੋਕਾਂ ਦੇ ‘ਬਲੂ ਟਿੱਕਸ’ ਹਟਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੇ ਇਸਦੀ ਮਹੀਨਾਵਾਰ ਫੀਸ ਨਹੀਂ ਭਰੀ ਹੈ। ਸਿਰਫ਼ ਕੁੱਝ ਵਿਅਕਤੀਗਤ ਟਵਿਟਰ ਉਪਭੋਗਤਾ, ਜਿਨ੍ਹਾਂ ਕੋਲ ਅਜੇ ਵੀ ਬਲੂ ਟਿੱਕ ਹੈ, ਉਹ ਟਵਿਟਰ ਨੂੰ ਇਸ ਲਈ ਭੁਗਤਾਨ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਹੁਣ ਕਿਸੇ ਨੂੰ ਬਲੂ ਟਿੱਕ ਵੈਰੀਫਿਕੇਸ਼ਨ ਚਾਹੀਦੀ ਹੈ ਤਾਂ ਇਸ ਲਈ ਉਸ ਨੂੰ ਟਵਿਟਰ ਨੂੰ ਭੁਗਤਾਨ ਕਰਨਾ ਪਵੇਗਾ। ਹੁਣ ਸਿਰਫ਼ ਉਨ੍ਹਾਂ ਟਵਿਟਰ ਅਕਾਊਂਟ ‘ਤੇ ਹੀ ਬਲੂ ਟਿੱਕ ਨਜ਼ਰ ਆਉਂਗੇ, ਜਿਨ੍ਹਾਂ ਨੇ ਇਸ ਦੀ ਮੈਂਬਰਸ਼ਿਪ ਟਵਿਟਰ ਤੋਂ ਲਈ ਹੋਈ ਹੈ।
ਜਿਨ੍ਹਾਂ ਦੇ ਟਵਿਟਰ ਖਾਤਿਆਂ ਤੋਂ ਬਲੂ ਟਿੱਕ ਹਟਾਏ ਗਏ ਹਨ, ਉਨ੍ਹਾਂ ਵਿਚ ਕਈ ਕ੍ਰਿਕਟਰ ਵੀ ਸ਼ਾਮਲ ਹਨ। ਇਸ ਸੂਚੀ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਕੇ.ਐੱਲ. ਰਾਹੁਲ, ਮਹਾਨ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ, ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਸ਼੍ਰੇਅਸ ਅਈਅਰ,ਦੀਪਕ ਚਾਹਰ, ਯੁਵਰਾਜ ਸਿੰਘ, ਇਸ਼ਾਨ ਕਿਸ਼ਨ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਜਿੰਕਿਆ ਰਹਾਣੇ, ਸ਼ਿਖਰ ਧਵਨ, ਰਵੀ ਸ਼ਾਸਤਰੀ, ਮੁਹੰਮਦ ਸ਼ਮੀ, ਸ਼ਿਵਮ ਦੁਬੇ, ਰਿੰਕੂ ਸਿੰਘ, ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ, ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ, ਸਾਬਕਾ ਕਪਤਾਨ ਸ਼ਾਹਿਦ ਅਫਰੀਦੀ, ਸਾਬਕਾ ਕਪਤਾਨ ਸ਼ੋਏਬ ਮਲਿਕ, ਸ਼ੋਏਬ ਅਖਤਰ, ਸਾਬਕਾ ਕ੍ਰਿਕਟਰ ਇਮਰਾਨ ਖਾਨ ਸਣੇ ਹੋਰ ਵੀ ਖੇਡ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਦੇ ਟਵਿਟਰ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਟਵਿਟਰ ਦੇ ਲਗਭਗ 300,000 ਪ੍ਰਮਾਣਿਤ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੱਤਰਕਾਰ, ਅਥਲੀਟ ਅਤੇ ਮਸ਼ਹੂਰ ਹਸਤੀਆਂ ਹਨ। ਇਨ੍ਹਾਂ ਯੂਜ਼ਰਸ ਦੇ ਪ੍ਰੋਫਾਈਲ ‘ਤੇ ਬਲੂ ਟਿੱਕਸ ਦਿਖਣੇ ਬੰਦ ਹੋ ਗਏ ਹਨ। ‘ਬਲੂ ਟਿੱਕ’ ਦਾ ਮਤਲਬ ਕਿਸੇ ਸ਼ਖਸੀਅਤ ਦੇ ਪ੍ਰਮਾਣਿਤ ਟਵਿਟਰ ਖਾਤੇ ਤੋਂ ਹੁੰਦਾ ਹੈ। ਟਵਿਟਰ ਦਾ ਇਸਤੇਮਾਲ ਕਰਨ ਵਾਲੇ ਕਿਸੇ ਵਿਅਕਤੀ ਲਈ ਬਲੂ ਟਿੱਕ ਦੀ ਫੀਸ ਪ੍ਰਤੀ ਮਹੀਨਾ 8 ਡਾਲਰ ਅਤੇ ਕਿਸੇ ਸੰਗਠਨ ਲਈ ਪ੍ਰਤੀ ਮਹੀਨਾ 1,000 ਡਾਲਰ ਹੈ। ਟਵਿਟਰ ਹੁਣ ਬਿਨਾਂ ਫੀਸ ਲਏ ਕਿਸੇ ਵਿਅਕਤੀ ਜਾਂ ਸੰਸਥਾ ਦੇ ਖਾਤੇ ਦੀ ਪੁਸ਼ਟੀ ਨਹੀਂ ਕਰਦਾ ਹੈ।