ਚੰਡੀਗੜ੍ਹ – ਵਿਦੇਸ਼ਾਂ ‘ਚ ਪੰਜਾਬੀਆਂ ਦੇ ਆਉਣ-ਜਾਣ ਅਤੇ ਲਗਾਤਾਰ ਸੰਪਰਕ ‘ਚ ਰਹਿਣ ਦੇ ਕਾਰਨ ਅਕਸਰ ਇਹ ਸੁਣਨ ਨੂੰ ਮਿਲਦਾ ਰਹਿੰਦਾ ਹੈ ਕਿ ਕਿੰਨੇ ਚੰਗੇ ਤਰੀਕੇ ਨਾਲ ਵਿਦੇਸ਼ਾਂ ‘ਚ ਹਾਦਸਾ ਹੋਣ ਦੇ ਤੁਰੰਤ ਬਾਅਦ ਪੁਲਸ ਅਤੇ ਐਂਬੁਲੈਂਸ ਪੁੱਜਦੀ ਹੈ ਅਤੇ ਕਿਵੇਂ ਹਾਦਸਿਆਂ ਤੋਂ ਬਾਅਦ ਤੁਰੰਤ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਂਦਾ ਹੈ। ਬੱਸ, ਅਜਿਹਾ ਹੀ ਕੁੱਝ ਛੇਤੀ ਪੰਜਾਬ ‘ਚ ਵੀ ਦੇਖਣ ਨੂੰ ਮਿਲਣ ਵਾਲਾ ਹੈ। ਹਾਲਾਂਕਿ ਯੋਜਨਾ ਦੇ ਸ਼ੁਰੂਆਤੀ ਪੜਾਅ ‘ਚ ਵਾਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਵੇਗੀ, ਪਰ ਇੰਨਾ ਜ਼ਰੂਰ ਹੋਵੇਗਾ ਕਿ ਕਿਸੇ ਨੈਸ਼ਨਲ ਜਾਂ ਸਟੇਟ ਹਾਈਵੇਅ ’ਤੇ ਕੰਜੈਸ਼ਨ ਦਾ ਪਤਾ ਲੱਗਣ ਤੋਂ ਬਾਅਦ ਕੁੱਝ ਹੀ ਮਿੰਟਾਂ ‘ਚ ਉੱਥੇ ਪਹੁੰਚ ਕੇ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।
ਪੰਜਾਬ ਸਰਕਾਰ ਇਸ ਯੋਜਨਾ ’ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਰਾਜ ਭਰ ਦੇ ਸਾਰੇ ਨੈਸ਼ਨਲ ਅਤੇ ਸਟੇਟ ਹਾਈਵੇਜ਼ ’ਤੇ ਪੁਲਸ ਪੈਟਰੋਲਿੰਗ ਵ੍ਹੀਕਲ ਤਾਇਨਾਤ ਕੀਤੇ ਜਾਣ। ਇਹ ਪੈਟਰੋਲਿੰਗ ਵਹੀਕਲ ਨਾਰਮਲ ਪੁਲਸਿੰਗ ਦੇ ਨਹੀਂ, ਸਗੋਂ ਟ੍ਰੈਫਿਕ ਪੁਲਸ ਵਿੰਗ ਦੇ ਹੋਣਗੇ ਅਤੇ ਇਨ੍ਹਾਂ ਦਾ ਕੰਮ ਹਾਈਵੇਜ਼ ’ਤੇ ਕੰਜੈਸ਼ਨ ਫਰੀ ਟ੍ਰੈਫਿਕ ਆਵਾਜਾਈ ਬਣਾਏ ਰੱਖਣਾ ਹੋਵੇਗਾ।