ਚੰਡੀਗੜ੍ਹ, ਮੋਹਾਲੀ, ਜਲੰਧਰ (ਰਮਨਜੀਤ ਸਿੰਘ, ਪਰਦੀਪ, ਧਵਨ) : ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ 7 ਘੰਟਿਆਂ ਤੱਕ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਤੋਂ ਵੱਖ-ਵੱਖ ਚਲ-ਅਚਲ ਜਾਇਦਾਦਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਸਵੇਰੇ ਕਰੀਬ 11.15 ਵਜੇ ਵਿਜੀਲੈਂਸ ਦਫ਼ਤਰ ਮੋਹਾਲੀ ਪੁੱਜੇ ਸਨ। ਉਨ੍ਹਾਂ ਤੋਂ ਵੈਰੀਫਿਕੇਸ਼ਨ ਕਰਨ ਦਾ ਕੰਮ ਰੋਪੜ ਰੇਂਜ ਦੇ ਵਿਜੀਲੈਂਸ ਐੱਸ. ਐੱਸ. ਪੀ. ਦਲਜੀਤ ਸਿੰਘ ਰਾਣਾ ਨੂੰ ਸੌਂਪਿਆ ਗਿਆ। ਐੱਸ. ਐੱਸ. ਪੀ. ਰਾਣਾ ਨਾਲ ਕਈ ਡੀ. ਐੱਸ. ਪੀ. ਅਤੇ ਕਈ ਇੰਸਪੈਕਟਰਾਂ ਨੂੰ ਵੀ ਜੁੜਿਆ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਚੰਨੀ ਤੋਂ ਤਿਆਰ ਕੀਤੇ ਗਏ ਸਵਾਲਾਂ ਦੇ ਜਵਾਬ ਮੰਗੇ ਹਨ। ਅਜੇ ਚੰਨੀ ਦੀ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਇਹ ਪਹਿਲੀ ਪੇਸ਼ੀ ਸੀ। ਵਿਜੀਲੈਂਸ ਅਧਿਕਾਰੀ ਚੰਨੀ ਵੱਲੋਂ ਦਿੱਤੇ ਗਏ ਜਵਾਬਾਂ ਦਾ ਵੱਖ-ਵੱਖ ਸਰੋਤਾਂ ਤੋਂ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਮਿਲੀ ਜਾਣਕਾਰੀ ਨਾਲ ਮਿਲਾਣ ਕਰਨਗੇ। ਵਿਜੀਲੈਂਸ ਅਧਿਕਾਰੀ ਦੇਖਣਗੇ ਕਿ ਚੰਨੀ ਨੇ ਵੱਖ-ਵੱਖ ਸਵਾਲਾਂ ਦੇ ਕੀ ਜਵਾਬ ਦਿੱਤੇ ਹਨ। ਚੰਨੀ ਸਿਰਫ ਇਹ ਕਹਿੰਦੇ ਰਿਹੇ ਕਿ ਉਨ੍ਹਾਂ ਕੋਲ ਬਹੁਤ ਘੱਟ ਜਾਇਦਾਦ ਹੈ ਅਤੇ ਉਨ੍ਹਾਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਬੇਨਾਮੀ ਜਾਇਦਾਦ ਨਹੀਂ ਬਣਾਈ, ਜਦਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਵੱਖ-ਵੱਖ ਗੁਪਤ ਸਰੋਤਾਂ ਤੋਂ ਚੰਨੀ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਹੈ। ਚੰਨੀ ਨੂੰ ਲੈ ਕੇ ਜਾਂਚ ਦਾ ਕੰਮ ਅਜੇ ਲੰਮਾ ਚੱਲ ਸਕਦਾ ਹੈ। ਅਧਿਕਾਰੀਆਂ ਨੇ ਚੰਨੀ ਨੂੰ ਕਿਹਾ ਕਿ ਉਹ ਆਪਣੇ ਅਤੇ ਰਿਸ਼ਤੇਦਾਰਾਂ ਦੇ ਨਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਪੂਰੀ ਜਾਣਕਾਰੀ ਫਾਰਮ ’ਚ ਭਰ ਕੇ ਦੇਣ ਤਾਂ ਜੋ ਉਸ ਦੀ ਵੈਰੀਫਿਕੇਸ਼ਨ ਕੀਤੀ ਜਾ ਸਕੇ। ਉਨ੍ਹਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਲਈ ਮੁੜ ਸੱਦਿਆ ਜਾਵੇਗਾ।
ਵਿਜੀਲੈਂਸ ਦੀ ਪ੍ਰਸ਼ਨਾਵਲੀ
– ਗ਼ੈਰ-ਕਾਨੂੰਨੀ ਕਾਲੋਨੀਆਂ ’ਚ ਤੁਹਾਡੀ ਪਾਰਟਨਰਸ਼ਿਪ ਕਿੰਨੀ-ਕਿੰਨੀ ਹੈ?
–ਪ੍ਰਵੀਨ ਬਿਲਡਰਜ਼ ਵੱਲੋਂ ਕੀਤੇ ਗਏ ਕੰਮਾਂ ’ਚ ਤੁਹਾਡੀ ਕੀ ਸ਼ਮੂਲੀਅਤ ਹੈ?
–ਤੁਹਾਡੇ ਅਮਰੀਕਾ ਤੇ ਕੈਨੇਡਾ ਦੌਰੇ ’ਤੇ ਖਰਚੇ ਦਾ ਭੁਗਤਾਨ ਕਿਸ ਨੇ ਕੀਤਾ?
–ਤੁਸੀਂ ਕੈਨੇਡਾ ਅਤੇ ਅਮਰੀਕਾ ’ਚ ਨਿਵੇਸ਼ ਕੀਤਾ ਹੈ?
–8-9 ਮਹੀਨੇ ਵਿਦੇਸ਼ ’ਚ ਰਹਿੰਦੇ ਹੋਏ ਕੋਈ ਪ੍ਰਾਪਰਟੀ ਖਰੀਦੀ?
–ਕੈਨੇਡਾ ਤੇ ਅਮਰੀਕਾ ’ਚ ਰਹਿਣ ਵਾਲੇ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਕਿੰਨੀ ਜਾਇਦਾਦ ਹੈ?
– ਵਿਦੇਸ਼ੀ ਦੌਰਿਆਂ ’ਤੇ ਕੋਈ ਮੈਡੀਕਲ ਇਲਾਜ ਕਰਵਾਇਆ?
–ਡਾਕਟਰਾਂ ਨੇ ਕੀ ਸਲਾਹ ਦਿੱਤੀ? ਇਲਾਜ ਦੀ ਸਲਿਪ?
–ਇਲਾਜ ਕਰਵਾਇਆ ਤਾਂ ਕਿੰਨਾ ਖਰਚਾ ਆਇਆ?
–ਗ਼ੈਰ-ਕਾਨੂੰਨੀ ਮਾਈਨਿੰਗ ’ਚ ਤੁਹਾਡੀ ਭੂਮਿਕਾ ਅਤੇ ਉਸ ਤੋਂ ਕਿੰਨੀ ਆਮਦਨੀ ਹੋਈ?
–ਰਿਸ਼ਤੇਦਾਰ ਹਨੀ ਵੱਲੋਂ ਕਰਵਾਏ ਗਏ ਤਬਾਦਲਿਆਂ ’ਚ ਤੁਹਾਡੀ ਕੀ ਭੂਮਿਕਾ ਸੀ?
–ਈ. ਡੀ. ਵੱਲੋਂ ਹਨੀ ਤੋਂ ਕੀਤੀ ਗਈ ਰਿਕਵਰੀ ’ਚ ਤੁਹਾਡਾ ਕੋਈ ਹਿੱਸਾ ਸੀ?
–ਹਨੀ ਮੁੱਖ ਮੰਤਰੀ ਦਫ਼ਤਰ ਅਤੇ ਸਰਕਾਰੀ ਬੈਠਕਾਂ ਵਿਚ ਕਿਉਂ ਆਉਂਦਾ ਸੀ?
–ਗੋਆ ’ਚ ਕੀਮਤੀ ਸਰਕਾਰੀ ਜ਼ਮੀਨ ਲੀਜ਼ ’ਤੇ ਦੇਣ ’ਚ ਤੁਹਾਡੀ ਕੀ ਭੂਮਿਕਾ ਸੀ?
–ਤੁਹਾਡੀ ਪੂਰੀ ਜਾਇਦਾਦ ਕਿੰਨੀ ਹੈ?
–ਮੁੱਖ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਤੁਸੀਂ ਕੀ-ਕੀ ਅਹਿਮ ਫ਼ੈਸਲੇ ਲਏ?
–ਆਪਣੇ ਪੁੱਤਰ ਦੇ ਵਿਆਹ ’ਤੇ ਕਿੰਨਾ ਖਰਚਾ ਕੀਤਾ ਸੀ?
–ਤੁਸੀਂ ਆਪਣੇ ਵਿਧਾਨ ਸਭਾ ਹਲਕੇ ’ਚ ਕਿੰਨੀਆਂ ਗ੍ਰਾਂਟਾਂ ਮਨਜ਼ੂਰ ਕੀਤੀਆਂ ਸਨ?
–ਚਮਕੌਰ ਸਾਹਿਬ ਖੇਤਰ ’ਚ ਗ੍ਰਾਂਟਾਂ ਨਾਲ ਹੋਰ ਨੇਤਾਵਾਂ ਦਾ ਕੀ ਲੈਣਾ-ਦੇਣਾ ਸੀ?