ਪਟਿਆਲਾ, 1 ਜੂਨ- ਮਸ਼ਹੂਰ ਸ਼ਾਇਰਾ ਡਾ. ਸੁਲਤਾਨਾ ਬੇਗਮ ਮੰਗਲਵਾਰ ਨੂੰ ਉਸ ਸਮੇਂ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਜਦੋਂ ਉਨ੍ਹਾਂ ਦੇ ਪੁੱਤਰ ਕੰਵਰਇੰਦਰ ਸਿੰਘ ਵੱਲੋਂ ਘਲੌਡ਼ੀ ਗੇਟ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਡਾ. ਸੁਲਤਾਨਾ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਖੇਤਰਾਂ ਤੇ ਅਦਾਰਿਆਂ ’ਚੋਂ ਲੇਖਕ, ਕਲਾਕਾਰ, ਰੰਗਕਰਮੀ, ਅਧਿਆਪਕ, ਰਾਜਨੀਤਿਕ ਸ਼ਖ਼ਸੀਅਤਾਂ, ਧਾਰਮਿਕ ਸ਼ਖ਼ਸੀਅਤਾਂ ਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ। ਜਿਨ੍ਹਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਡਾ. ਸੁਲਤਾਨਾ ਬੇਗਮ ਦੇ ਦੇਹਾਂਤ ਨਾਲ ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਸ਼ਾਇਰੀ ਨੇ ਨਾ ਕੇਵਲ ਭਾਰਤ ਵਿਚ ਬਲਕਿ ਪਾਕਿਸਤਾਨ ਵਿਚ ਵੱਸਦੇ ਲਹਿੰਦੇ ਪੰਜਾਬ ਵਿਚ ਵੀ ਚੋਖਾ ਨਾਮਣਾ ਖੱਟਿਆ ਹੈ। ਉਹ ਮੁਸਲਿਮ ਪਰਿਵਾਰ ਵਿਚ ਪੈਦਾ ਹੋਏ, ਹਿੰਦੂ ਪਰਿਵਾਰ ’ਚ ਜੰਮੇ-ਪਲੇ ਤੇ ਸਿੱਖ ਪਰਿਵਾਰ ਵਿਚ ਵਿਆਹ ਹੋਇਆ ਸੀ। ਇਸ ਤਰ੍ਹਾਂ ਡਾ. ਸੁਲਤਾਨਾ ਬੇਗਮ ਧਰਮ ਨਿਰਪੱਖਤਾ ਦੀ ਇਕ ਖ਼ੂਬਸੂਰਤ ਮਿਸਾਲ ਵੀ ਸਨ। ਪੰਜਾਬੀ ਸਾਹਿਤ ਸਭਾ ਪਟਿਆਲਾ ਨੇ ਡਾ. ਸੁਲਤਾਨਾ ਬੇਗਮ ਦੇ ਰੂਪ ਵਿਚ ਮਾਂ ਬੋਲੀ ਦਾ ਇਕ ਕੀਮਤੀ ਮੋਤੀ ਦਾ ਗੁਆ ਲਿਆ ਹੈ। ਸਮੁੱਚਾ ਪੰਜਾਬੀ ਸਾਹਿਤ ਇਸ ਦੁੱਖ ਦੀ ਘਡ਼ੀ ਵਿਚ ਪਰਿਵਾਰ ਨਾਲ ਖਡ਼੍ਹਾ ਹੈ। ਜ਼ਿਕਰਯੋਗ ਹੈ ਕਿ ਡਾ. ਸੁਲਤਾਨਾ ਬੇਗਮ ਦਾ ਲੰਘੇ ਦਿਨੀਂ ਲੰਬੀ ਬਿਮਾਰੀ ਦੇ ਚੱਲਦਿਆਂ ਚੰਡੀਗਡ਼੍ਹ ਦੇ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ।