ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੇ ਭਰਿਆ ਨਾਮਜ਼ਦਗੀ ਪੱਤਰ


ਜਲੰਧਰ – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਤਹਿਤ ਅੱਜ ਤੋਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਇਹ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ਤਹਿਤ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ ਇਕੋ ਮੰਚ ‘ਤੇ ਕਾਂਗਰਸ ਦੀ ਲੀਡਰਸ਼ਿਪ ਨਜ਼ਰ ਆਈ।
ਕਰਮਜੀਤ ਚੌਧਰੀ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਮਹਿੰਦਰ ਸਿੰਘ ਕੇ. ਪੀ. ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਕਾਂਗਰਸ ਦੀ ਲੀਡਰਸ਼ਿਪ ਅੱਜ ਸਵੇਰੇ ਜਲੰਧਰ ਵਿਖੇ ਕਾਂਗਰਸ ਭਵਨ ਪਹੁੰਚੀ ਅਤੇ ਇਥੋਂ ਉਮੀਦਵਾਰ ਕਰਮਜੀਤ ਕੌਰ ਦੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਬੱਸ ਵਿਚ ਰਵਾਨਾ ਹੋਈ, ਜਿੱਥੇ ਕਰਮਜੀਤ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ।

ਦੱਸਣਯੋਗ ਹੈ ਕਿ 21 ਅਪ੍ਰੈਲ ਨੂੰ ਵੱਖ-ਵੱਖ ਦਲਾਂ ਜਾਂ ਫਿਰ ਆਜ਼ਾਦ ਉਮੀਦਵਾਰਾਂ ਨੇ ਜੋ ਨਾਮਜ਼ਦਗੀ ਪੱਤਰ ਭਰੇ ਹੋਣਗੇ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਬਾਅਦ ਜੇਕਰ ਕਿਸੇ ਉਮੀਦਵਾਰ ਨੇ ਚੋਣ ਲੜਨ ਦਾ ਵਿਚਾਰ ਤਿਆਗ ਦਿੱਤਾ ਹੋਵੇਗਾ, ਉਹ 24 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ।
ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਲੰਘੀਂ 14 ਜਨਵਰੀ ਨੂੰ ਉਸ ਸਮੇਂ ਦਿਹਾਂਤ ਹੋ ਗਿਆ ਸੀ ਜਦੋਂ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਦਸਤੇ ਵੱਲੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਖਾਲ੍ਹੀ ਹੋਈ ਜਲੰਧਰ ਲੋਕ ਸਭਾ ਸੀਟ ’ਤੇ ਹੁਣ 10 ਮਈ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।

Leave a Reply

Your email address will not be published. Required fields are marked *