ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮਰਨਾਈਆਂ ਤੋਂ ਅੰਮ੍ਰਿਤਪਾਲ ਦੇ ਫਰਾਰ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਹੋਰਨਾਂ ਸੂਬਿਆਂ ’ਚ ਵੀ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਹੁਸ਼ਿਆਰਪੁਰ ਪੁਲਸ ਨੇ ਇਕ ਵੱਡੀ ਸਫਲਤਾ ਦਾ ਦਾਅਵਾ ਕੀਤਾ ਸੀ, ਜਦੋਂ ਪੁਲਸ ਨੇ ਜਸਵਿੰਦਰ ਸਿੰਘ ਪਾਂਗਲੀ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਫਗਵਾੜਾ ਨੇੜਲੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਭਾਵੇਂ ਇਸ ਸਬੰਧੀ ਪੁਲਸ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਜਦੋਂ ਜਸਵਿੰਦਰ ਸਿੰਘ ਨੂੰ ਪੁਲਸ ਵੱਲੋਂ ਮਾਣਯੋਗ ਸਿਵਲ ਜੱਜ ਰਿੰਕੀ ਅਗਨੀਹੋਤਰੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਜਸਵਿੰਦਰ ਸਿੰਘ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜਸਵਿੰਦਰ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।