ਅੰਮ੍ਰਿਤਸਰ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਰੂਪੋਸ਼ ਅੰਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖ਼ਾਲਸਾ ਸੰਮੇਲਨ ਬੁਲਾਏ ਜਾਣ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਅੰਮ੍ਰਿਤਪਾਲ ਤਜ਼ੁਰਬੇ ਤੇ ਸੋਝੀ ਪੱਖੋਂ ਹੌਲਾ ਹੈ। ਉਸ ਕੋਲ ਸਰਬੱਤ ਖ਼ਾਲਸਾ ਸੰਮੇਲਨ ਬੁਲਾਏ ਜਾਣ ਬਾਬਤ ਬਿਆਨਬਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ। ਹਕੂਮਤ ਤੇ ਸੁਰੱਖਿਆ ਏਜੰਸੀਆਂ ਦੇ ਨਾਲ ਟਕਰਾਅ ਉਸ ਦਾ ਨਿੱਜੀ ਮਸਲਾ ਹੈ ਤੇ ਉਹ ਇਸ ਨਾਲ ਖ਼ੁਦ ਨਜਿੱਠੇ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਸੰਮੇਲਨ ਸੰਨ 2015 ਦੌਰਾਨ ਅੰਮ੍ਰਿਤਸਰ ਵਿਖੇ ਸਰਬ ਪ੍ਰਵਾਨਿਤ ਰਹੁ ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਕੂਲ ਬੁਲਾ ਕੇ ਕੌਮ ਤੇ ਪੰਥ ਨਾਲ ਸਬੰਧਤ ਕਈ ਅਹਿਮ ਮਸਲੇ ਵਿਚਾਰੇ ਜਾਣ ਤੋਂ ਇਲਾਵਾ ਜੇਲ੍ਹ ’ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਸੀ। ਜਦੋਂ ਕਿ ਉਨ੍ਹਾਂ ਦੀ ਗ਼ੈਰ ਮੌਜੂਦਗੀ ’ਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਇਹ ਜ਼ਿੰਮੇਵਾਰੀ ਮਿਸਾਲੀ ਤਰੀਕੇ ਨਾਲ ਨਿਭਾ ਰਹੇ ਹਨ।