ਨਵੀਂ ਦਿੱਲੀ, 4 ਅਗਸਤ (ਦਲਜੀਤ ਸਿੰਘ)- ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲ. ਏ. ਸੀ.) ’ਤੇ ਪਿਛਲੇ ਸਾਲ ਮਈ ਤੋਂ ਜਾਰੀ ਅੜਿੱਕੇ ’ਤੇ ਜੰਮੀ ਬਰਫ਼ ਗੱਲਬਾਤ ਨਾਲ ਪਿਘਲਦੀ ਲੱਗ ਰਹੀ ਹੈ। ਮੋਲਡੋ ਗੱਲਬਾਤ ਨਾਲ ਸੁਲ੍ਹਾ ਦਾ ਇਕ ਰਾਹ ਨਿਕਲਿਆ ਹੈ। ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਇਲਾਕੇ ਤੋਂ ਆਪਣੀਆਂ ਫ਼ੌਜਾਂ ਹਟਾਉਣ ’ਤੇ ਰਾਜ਼ੀ ਹੋ ਗਏ ਹਨ। ਗੋਗਰਾ ਹਾਈਟਸ ਖੇਤਰ ’ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ ਸਾਲ ਮਈ ਤੋਂ ਹੀ ਆਹਮੋ-ਸਾਹਮਣੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੋਲਡੋ ’ਚ ਹੋਈ 12ਵੇਂ ਪੜਾਅ ਦੀ ਗੱਲਬਾਤ ਦੌਰਾਨ ਇਸ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪੈਂਗੋਂਗ ਲੇਕ ਇਲਾਕੇ ’ਚ ਫਰਵਰੀ ’ਚ ਫ਼ੌਜ ਹਟਾਈ ਗਈ ਸੀ, ਉਦੋਂ ਤੋਂ ਹੀ ਗੋਗਰਾ ਹਾਈਸ ਇਲਾਕੇ ਤੋਂ ਫ਼ੌਜ ਹਟਾਉਣ ਦਾ ਮਸਲਾ ਅਟਕਿਆ ਸੀ। ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ’ਚ ਸਹਿਮਤੀ ਨਹੀਂ ਬਣ ਪਾ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਦੋਹਾਂ ਦੇਸ਼ਾਂ ਵਿਚਾਲੇ ਬਣੀ ਇਸ ਸਹਿਮਤੀ ’ਤੇ ਕਾਰਵਾਈ ਵੀ ਛੇਤੀ ਹੀ ਸ਼ੁਰੂ ਹੋ ਸਕਦੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਛੇਤੀ ਹੀ ਗੋਗਰਾ ਹਾਈਟਸ ਤੋਂ ਹਟ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ 12ਵੇਂ ਪੜਾਅ ਦੀ ਬੈਠਕ ਚੁਸ਼ੁਲ-ਮੋਲਡੋ ’ਚ ਹੋਈ। ਦੋਵਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ 14 ਜੁਲਾਈ ਨੂੰ ਦੁਸ਼ਾਂਬੇ ’ਚ ਵਿਦੇਸ਼ ਮੰਤਰੀਆਂ ਦੀ ਮੁਲਾਕਾਤ, 25 ਜੂਨ ਨੂੰ ਭਾਰਤ-ਚੀਨ ਸਰਹੱਦੀ ਮਾਮਲਿਆਂ (ਡਬਲਿਯੂ. ਐੱਮ. ਸੀ. ਸੀ.) ’ਤੇ ਸਲਾਹ ਅਤੇ ਤਾਲਮੇਲ ਤੰਤਰ ਦੀ ਮੀਟਿੰਗ ਤੋਂ ਬਾਅਦ ਹੋਈ। ਇਸ ਗੱਲਬਾਤ ’ਚ ਭਾਰਤ ਅਤੇ ਚੀਨ ਦੇ ਐੱਲ. ਏ. ਸੀ. ਦੇ ਪੱਛਮੀ ਸੈਕਟਰ ਦੇ ਉਨ੍ਹਾਂ ਇਲਾਕਿਆਂ ਤੋਂ ਫ਼ੌਜ ਹਟਾਉਣ ਨੂੰ ਲੈ ਕੇ ਅੜਿੱਕੇ ਵਾਲੇ ਖੇਤਰਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ ਗਈ। ਦੋਵੇਂ ਧਿਰਾਂ ਨੇ ਇਨ੍ਹਾਂ ਖੇਤਰਾਂ ’ਚ ਅੜਿੱਕੇ ਦੇ ਹੱਲ ਨਾਲ ਜੁੜੇ ਆਪਣੇ ਵਿਚਾਰਾਂ ਦਾ ਸਪੱਸ਼ਟ ਅਤੇ ਡੂੰਘਾ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਗੱਲਬਾਤ ਨੂੰ ਰਚਨਾਤਮਿਕ ਦੱਸਿਆ ਅਤੇ ਕਿਹਾ ਕਿ ਇਸ ਨਾਲ ਆਪਸੀ ਸਮਝ ਹੋਰ ਵਧੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਅਨੁਸਾਰ ਇਸ ਮਸਲੇ ਨੂੰ ਛੇਤੀ ਹੱਲ ਕਰਨ ਲਈ ਗੱਲਬਾਤ ਦੀ ਗਤੀ ਬਣਾਏ ਰੱਖਣ ’ਤੇ ਵੀ ਸਹਿਮਤ ਹੋਏ। ਦੋਵਾਂ ਧਿਰਾਂ ਨੇ ਐੱਲ. ਏ. ਸੀ. ’ਤੇ ਸ਼ਾਂਤੀ ਬਣਾਏ ਰੱਖਣ ਦੀ ਵੀ ਵਚਨਬੱਧਤਾ ਪ੍ਰਗਟਾਈ।