ਮਾਨਸਾ, 3 ਅਪਰੈਲ – ਲੰਘੇ ਦਿਨ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਪਰਾਧ ਲਈ ਸੁਵਿਧਾਵਾਂ ਬਣ ਗਈਆਂ ਹਨ, ਇਹ ਹੁਣ ਸੁਧਾਰ ਘਰ ਨਹੀਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ ’ਚੋਂ ਇੰਟਰਵਿਊ ਦੇ ਰਹੇ ਹਨ ਅਤੇ ਜੇਲ੍ਹਾਂ ਵਿੱਚ ਹੀ ਗੈਂਗਸਟਰਾਂ ਦੀ ਆਪਸੀ ਲੜਾਈ ਵਿੱਚ ਗੈਂਗਸਟਰ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਸੈਟਲਾਈਟ ਤੇ ਜੈਮਰ ਕਿਉਂ ਨਹੀਂ ਲਾਏ ਗਏ ਹਨ।
ਰੋਡ ਰੇਜ਼ ਕੇਸ ਵਿੱਚ ਇੱਕ ਸਾਲ ਦੀ ਕੈਦ ਕੱਟਣ ਤੋਂ ਬਾਅਦ ਪਰਸੋਂ ਹੀ ਰਿਹਾਅ ਹੋਏ ਸ੍ਰੀ ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਦੀ ਸਕਿਊਰਟੀ ਵਾਪਸ ਲੈਣਾ ਪੰਜਾਬ ਸਰਕਾਰ ਦੀ ਵੱਡੀ ਗਲਤੀ ਸੀ ਅਤੇ ਉਸਦੇ ਕਤਲ ਤੋਂ ਬਾਅਦ ਮਾਪਿਆਂ ਨੂੰ ਇਨਸਾਫ਼ ਨਾ ਦੇਣਾ ਇਹ ਹੋਰ ਵੱਡੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੀ ਹੋਈ ਅਤੇ ਉਨ੍ਹਾਂ ਬੁਲਟ ਪਰੂਫ਼ ਗੱਡੀਆਂ ਵਿੱਚ ਪੁਲੀਸ ਦੇ ਵੱਡੇ ਕਾਫ਼ਲੇ ਨਾਲ ਪੰਜਾਬ ਦੇ ਇੱਕ ਤੋਂ ਦੂਜੇ ਸ਼ਹਿਰ ਲਿਜਾਇਆ ਜਾ ਰਿਹਾ ਹੈ।
ਅੱਜ ਮੂਸਾ ਪਿੰਡ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਲਗਭਗ 2 ਘੰਟੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਨਾਲ ਬਿਠਾਇਆ।ਉਨ੍ਹਾਂ ਕਿਹਾ ਕਿ ਮੂਸੇਵਾਲਾ ਬੜਾ ਵਧੀਆ ਇਨਸਾਨ ਸੀ ਅਤੇ ਉਹ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਵਿੱਢੀ ਲਹਿਰ ਵਿੱਚ ਮੁਹਰੇ ਹੋਕੇ ਕੰਮ ਕਰਨਗੇ।
ਜੇਲ੍ਹਾਂ ਸੁਧਾਰ ਘਰ ਨਹੀਂ ਰਹੀਆਂ : ਸਿੱਧੂ
