ਫਾਜ਼ਿਲਕਾ : ਪੰਜਾਬ-ਰਾਜਸਥਾਨ ਸਰਹੱਦ ਨੇੜੇ ਸਾਧੂਵਾਲੀ ਵਿਖੇ ਪੁਲਸ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦਰਮਿਆਨ ਮੁਕਾਬਲਾ ਹੋ ਗਿਆ। ਇਸ ਦੌਰਾਨ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਕ ਦੋਸ਼ੀ ਦੇ ਪੈਰ ‘ਚ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਗੰਗਾਨਗਰ ਦੇ ਇਕ ਕਾਰੋਬਾਰੀ ਤੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ਤੋਂ ਫ਼ਿਰੌਤੀ ਮੰਗੀ ਗਈ ਸੀ। ਇਸ ਮਾਮਲੇ ‘ਚ ਰਾਜਸਥਾਨ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ।
ਬੀਤੀ ਰਾਤ ਲਾਰੈਂਸ ਬਿਸ਼ਨੋਈ ਗਰੁੱਪ ਦੇ ਲੋਕਾਂ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਰਾਜਸਥਾਨ ਪੁਲਸ ਪੰਜਾਬ ‘ਚ ਦਾਖ਼ਲ ਹੋ ਗਈ ਅਤੇ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਪੰਜਾਬ ਤੋਂ ਸ਼੍ਰੀ ਗੰਗਾਨਗਰ ਗਏ ਹੋਏ ਹਨ ਤਾਂ ਪੁਲਸ ਜਿਵੇਂ ਹੀ ਪੰਜਾਬ ਤੋਂ ਸ਼੍ਰੀ ਗੰਗਾਨਗਰ ਵੱਲ ਵਾਪਸ ਮੁੜੀ ਤਾਂ ਪੰਜਾਬ-ਰਾਜਸਥਾਨ ਸਰਹੱਦ ਦੇ ਨੇੜੇ ਸਾਧੂਵਾਲੀ ਨਜ਼ਦੀਕ ਮੋਟਰਸਾਈਕਲ ਸਵਾਰ 3 ਦੋਸ਼ੀ ਪੁਲਸ ਨੂੰ ਦੇਖ ਕੇ ਭੱਜਣ ਲੱਗੇ।
ਇਸ ਤੋਂ ਬਾਅਦ ਦੋਸ਼ੀਆਂ ਨੇ ਪੁਲਸ ‘ਤੇ ਗੋਲੀਆਂ ਵੀ ਚਲਾ ਦਿੱਤੀਆਂ, ਜਿਸ ‘ਤੇ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ। ਦੋਹਾਂ ਪਾਸਿਓਂ ਤਾੜ-ਤਾੜ ਗੋਲੀਆਂ ਚੱਲਣ ਲੱਗੀਆਂ। ਇਸ ਦੌਰਾਨ ਇਕ ਦੋਸ਼ੀ ਦੇ ਪੈਰ ‘ਚ ਗੋਲੀ ਲੱਗ ਗਈ ਅਤੇ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕੱਦਮਾ ਦਰਜ ਕਰਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਹੈ, ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।