ਚੰਡੀਗੜ੍ਹ – ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਦਿੱਤੇ ਗਏ ਭਾਸ਼ਣ ’ਤੇ ਸੋਮਵਾਰ ਨੂੰ ਵਿਧਾਨ ਸਭਾ ਸਦਨ ਵਿਚ ਬਹਿਸ-ਚਰਚਾ ਸ਼ੁਰੂ ਹੋਈ। ਵਿਧਾਇਕ ਜੀਵਨਜੋਤ ਕੌਰ ਨੇ ਰਾਜਪਾਲ ਨੂੰ ਉਕਤ ਭਾਸ਼ਣ ਲਈ ਧੰਨਵਾਦ ਮਤਾ ਪੇਸ਼ ਕੀਤਾ, ਜਿਸ ਦੀ ਵਿਧਾਇਕ ਬੁੱਧਰਾਮ ਨੇ ਪ੍ਰਸਤਾਵਨਾ ਕੀਤੀ।
ਬਹਿਸ ਵਿਚ ਹਿੱਸਾ ਲੈਂਦਿਆਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਤਸੱਲੀ ਹੈ ਕਿ ਜਿਸ ਪਰਿਵਾਰ ਦੇ ਨਾਮ ਬੇਅਦਬੀ ਘਟਨਾਵਾਂ ਦੇ ਮਾਮਲੇ ਵਿਚ ਦਰਜ ਕਰਨ ਤੋਂ ਸਾਰੇ ਪਿੱਛੇ ਹਟਦੇ ਰਹੇ ਸਨ, ਆਖ਼ਿਰਕਾਰ ਉਨ੍ਹਾਂ ਦੇ ਨਾਮ ਸ਼ਾਮਲ ਕਰ ਲਏ ਗਏ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਸ਼ੰਕਾ ਹੈ ਕਿ ਇਸ ਮਾਮਲੇ ਵਿਚ ਇਨਸਾਫ਼ ਨਹੀਂ ਮਿਲੇਗਾ। ਕੁੰਵਰ ਨੇ ਕਿਹਾ ਕਿ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਐੱਸ.ਆਈ.ਟੀ. ਜਾਂਚ ਵਿਚ ਲੱਗੀ ਹੈ ਅਤੇ ਚਲਾਨ ਪੇਸ਼ ਕਰ ਰਹੀ ਹੈ, ਉਹ ਐੱਸ.ਆਈ.ਟੀ. ਸਾਬਕਾ ਸੀ.ਐੱਮ. ਕੈਪਟਨ ਨੇ ਗਠਿਤ ਕੀਤੀ ਸੀ ਅਤੇ ਜਿਹੋ ਜਿਹਾ ਕੈਪਟਨ ਨੇ ਉਕਤ ਐੱਸ.ਆਈ.ਟੀ. ਨੂੰ ਕਰਨ ਲਈ ਕਿਹਾ ਸੀ, ਉਹੋ ਜਿਹਾ ਹੀ ਕੀਤਾ ਜਾ ਰਿਹਾ ਹੈ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਮਾਮਲੇ ਵਿਚ ਇਨਸਾਫ਼ ਲਈ 200 ਸਾਲ ਲੱਗ ਜਾਣਗੇ ਪਰ ਇਨਸਾਫ਼ ਨਹੀਂ ਮਿਲੇਗਾ। ਵਿਧਾਇਕ ਕੁੰਵਰ ਨੇ ਰਾਜਪਾਲ ਦੇ ਭਾਸ਼ਣ ਵਿਚ ਸ਼ਾਮਲ ਸਰਕਾਰ ਦੇ ਸਿੱਖਿਆ ਸਬੰਧੀ ਕੰਮਾਂ ਦੀ ਸ਼ਲਾਘਾ ਕੀਤੀ। ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕਰਨ ਲਈ ਉਨ੍ਹਾਂ ਨੇ ਵਿਰੋਧੀ ਵਿਧਾਇਕਾਂ ਦੀ ਨਿੰਦਾ ਵੀ ਕੀਤੀ।