ਸ਼ੰਭੂ ਬਾਰਡਰ (ਪਟਿਆਲਾ), ਕਿਸਾਨਾਂ ਨੇ 6 ਦਸੰਬਰ ਨੂੰ ਪੈਦਲ ਹੀ ਸ਼ੰਭੂ ਮੋਰਚੇ ਤੋਂ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਦਿੱਲੀ ਪਹੁੰਚ ਕੇ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਜਿਸ ਸਬੰਧੀ ਈਮੇਲ ਭੇਜ ਕੇ ਦਿੱਲੀ ਸਰਕਾਰ ਤੋਂ ਪ੍ਰਵਾਨਗੀ ਵੀ ਮੰਗੀ ਗਈ ਹੈ ਪਰ ਅਜੇ ਤੱਕ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੋਂ ਰੋਕਾਂ ਨੂੰ ਹਟਾਉਣ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ। ਬਲਕਿ ਹਰਿਆਣਾ ਪੁਲੀਸ ਵੀ ਹਰਕਤ ’ਚ ਆ ਗਈ ਹੈ, ਜਿਸ ਨੇ ਬਾਰਡਰ ’ਤੇ ਨਫਰੀ ਵੀ ਵਧਾ ਦਿੱਤੀ ਹੈ।
ਇਥੇ ਰੋਕਾਂ ਦੇ ਉਪਰੋਂ ਦੀ ਲੰਘਣ ਦੀ ਕੋਸ਼ਿਸ਼ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਸਕਦਾ ਹੈ। ਅੱਜ ਤਾਂ ਹਰਿਆਣਾ ਸਰਕਾਰ ਨੇ ਸਰਵਣ ਪੰਧੇਰ ਅਤੇ ਜਸਵਿੰਦਰ ਲੌਂਗੋਵਾਲ ਦੇ ਨਾਮ ਲਿਖ ਕੇ ਇੱਕ ਪੋਸਟਰ ਵੀ ਸ਼ੰਭੂ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਚਿਪਕਾ ਦਿੱਤਾ, ਜਿਸ ਵਿਚ ਦਿੱਲੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੂਚ ਨਾ ਕਰਨ ਲਈ ਚਿਤਾਵਨੀ ਦਿੱਤੀ ਗਈ ਹੈ। ਇਸ ’ਚ ਹਰਿਆਣਾ ’ਚ ਧਾਰਾ 144 ਲੱਗੀ ਹੋਣ ਦਾ ਜ਼ਿਕਰ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ‘ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)’ ਅਤੇ ‘ਕਿਸਾਨ ਮਜ਼ਦੂਰ ਮੋਰਚਾ’ ਦੀ ਅਗਵਾਈ ਹੇਠਾਂ ਕਿਸਾਨਾਂ ਨੇ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕੀਤਾ ਸੀ। ਪਰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਸਮੇਤ ਹੋਰਨਾਂ ਥਾਈਂ ਅਗਾਊਂ ਬੈਰੀਕੇਡਿੰਗ ਕਰਨ ਕਰਕੇ ਉਹ ਸਾਢੇ ਨੌਂ ਮਹੀਨਿਆਂ ਤੋਂ ਬਾਰਡਰਾਂ ’ਤੇ ਹੀ ਡਟੇ ਹੋਏ ਹਨ।