ਚੰਡੀਗੜ੍ਹ : ਜ਼ੀਰਾ ਦੀ ਮਾਲਬ੍ਰੋਸ ਸ਼ਰਾਬ ਫੈਕਟਰੀ ਨੂੰ ਮੰਗਲਵਾਰ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਸ਼ਰਾਬ ਫੈਕਟਰੀ ਵੱਲੋਂ ਫੈਕਟਰੀ ਵਿਚ ਰੱਖੇ ਏਥਨਾਲ ਨੂੰ ਬਾਹਰ ਕੱਢਣ ਦੀ ਇਜਾਜ਼ਤ ਮੰਗੀ ਗਈ ਸੀ। ਮਾਮਲੇ ਵਿਚ ਬਹਿਸ ਦੌਰਾਨ ਪੰਜਾਬ ਸਰਕਾਰ ਨੇ ਬੈਂਚ ਨੂੰ ਦੱਸਿਆ ਕਿ ਫੈਕਟਰੀ ਦੇ ਐਕਸਾਈਜ਼ ਲਾਇਸੈਂਸ ਦੀ ਸਮਾਂ-ਹੱਦ ਖ਼ਤਮ ਹੋ ਚੁੱਕੀ ਹੈ ਤਾਂ ਕਿਵੇਂ ਸਾਮਾਨ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸਰਕਾਰ ਨੇ ਏਥਨਾਲ ਬਾਹਰ ਕੱਢਣ ਦੀ ਮੰਗ ਦਾ ਵਿਰੋਧ ਕੀਤਾ। ਇਸ ’ਤੇ ਮਾਲਬ੍ਰੋਸ ਦੀ ਸ਼ਰਾਬ ਫੈਕਟਰੀ ਦੇ ਮਾਲਕਾਂ ਵੱਲੋਂ ਗਿਆ ਕਿ ਉਨ੍ਹਾਂ ਨੇ ਇਸ ਸਬੰਧੀ ਅਰਜ਼ੀ ਦਿੱਤੀ ਹੋਈ ਹੈ ਪਰ ਸਰਕਾਰ ਉਸ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ’ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਫੈਕਟਰੀ ਦਾ ਐਕਸਾਈਜ਼ ਲਾਇਸੈਂਸ 16 ਫਰਵਰੀ ਨੂੰ ਖ਼ਤਮ ਹੋ ਚੁੱਕਾ ਹੈ ਅਤੇ ਫੈਕਟਰੀ ਨੂੰ ਏਥਨਾਲ ਬਾਹਰ ਕੱਢਣ ਦੀ ਹਾਲੇ ਇਜਾਜ਼ਤ ਵੀ ਨਹੀਂ ਹੈ। ਜਿਥੋਂ ਤਕ ਫੈਕਟਰੀ ਦੇ ਅੰਦਰ ਅਤੇ ਬਾਹਰ ਆਉਣ-ਜਾਣ ਦਾ ਸਵਾਲ ਹੈ ਤਾਂ ਇਸ ਦੇ ਲਈ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ।
ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸ਼ਰਾਬ ਫੈਕਟਰੀ ਦੀ ਅਰਜ਼ੀ ’ਤੇ ਹੀ ਸਵਾਲ ਉਠਾਉਂਦਿਆਂ ਕਿਹਾ ਕਿ ਮੁੱਖ ਪਟੀਸ਼ਨ ਹੋਰ ਬੈਂਚ ਕੋਲ ਵਿਚਾਰ ਅਧੀਨ ਹੈ ਜਦਕਿ ਅੱਜ ਉਸ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਹੈ, ਉਹ ਹੁਕਮ ਅਦੂਲੀ ਪਟੀਸ਼ਨ ਹੈ। ਸ਼ਰਾਬ ਫੈਕਟਰੀ ਨੂੰ ਜਦੋਂ ਮੁੱਖ ਪਟੀਸ਼ਨ ’ਚ ਕੋਈ ਰਾਹਤ ਨਹੀਂ ਮਿਲ ਸਕੀ ਤਾਂ ਉਨ੍ਹਾਂ ਨੇ ਹੁਕਮ ਅਦੂਲੀ ਪਟੀਸ਼ਨ ਜ਼ਰੀਏ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਮੁੱਖ ਮੰਤਰੀ ਵੱਲੋਂ ਫੈਕਟਰੀ ਬੰਦ ਕਰਨ ਦੇ ਦਿੱਤੇ ਆਦੇਸ਼ਾਂ ’ਤੇ ਕਾਰਵਾਈ ਨਾ ਕਰਨ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਸੀ ਤਾਂ ਹੁਣ ਫੈਕਟਰੀ ’ਚੋਂ ਏਥਨਾਲ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ।