ਸ਼੍ਰੀਨਗਰ – ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਸਹਿਯੋਗੀਆਂ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਕਦੀ ਵੀ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸਹਿਯੋਗੀਆਂ ਨੂੰ ਰਾਸ਼ਟਰੀ ਰਾਜਮਾਰਗ ਨਾਲ ਲਾਸਜਨ ਚੌਰਾਹੇ ‘ਤੇ ਨਿਯਮਿਤ ਜਾਂਚ ਦੌਰਾਨ ਇਕ ਪੁਲਸ ਦਲ ਨੇ ਗ੍ਰਿਫ਼ਤਾਰ ਕੀਤਾ। ਪੁਲਸ ਬੁਲਾਰੇ ਨੇ ਕਿਹਾ ਕਿ ਪੁਲਸ ਸਟੇਸ਼ਨ ਨੌਗਾਮ ਦੇ ਇਕ ਪੁਲਸ ਦਲ ਨੇ ਨਿਯਮਿਤ ਜਾਂਚ ਦੌਰਾਨ ਨਾਕਾ ਜਾਂਚ ਦਲ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨੀਲੇ ਰੰਗ ਦਾ ਕ੍ਰਿਕੇਟ ਕਿਟ ਬੈਗ ਲੈ ਕੇ ਐੱਨ.ਐੱਚ.ਡਬਲਿਊ ਵੱਲੋਂ ਆ ਰਹੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ। ਤਿੰਨਾਂ ਦੀ ਪਛਾਣ ਸੋਈਤੇਂਗ ਦੇ ਉਮਰ ਆਦਿਲ ਡਾਰ, ਕੁਰਸੂ ਰਾਜਬਾਗ ਦੇ ਬਿਲਾਲ ਅਸਮਦ ਸਿੱਦੀਕੀ ਅਤੇ ਸ਼੍ਰੀਨਗਰ ਦੇ ਸੋਈਤੇਂਗ ਦੇ ਸਾਲਿਕ ਮਹਿਰਾਜ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਉਮਰ ਦੇ ਕਿਟ ਬੈਗ ‘ਚੋਂ 331,65,200 ਨਕਦ ਭਾਰਤੀ ਮੁਦਰਾ, ਇਕ ਮੋਬਾਇਲ ਫੋਨ, ਲਸ਼ਕਰ ਦੇ ਲੈਟਰ ਪੈਡ ਦੇ ਤਿੰਨ ਪੇਜ਼ ਬਰਾਮਦ ਕੀਤੇ ਅਤੇ ਬਿਲਾਲ ਅਤੇ ਸਾਲਿਕ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਤੋਂ ਲਸ਼ਕਰ ਦੇ ਲੈਟਰ ਪੈਡ ਦੇ 5-5 ਪੇਜ਼ ਬਰਾਮਦ ਕੀਤੇ ਗਏ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਤਿੰਨੋਂ ਅੱਤਵਾਦੀ ਸੰਗਠਨ ਲਸ਼ਕਰ ਦੇ ਅੱਤਵਾਦੀ ਸਹਿਯੋਗੀਆਂ ਵਜੋਂ ਕੰਮ ਕਰ ਰਹੇ ਸਨ। ਪੁਲਸ ਨੇ ਕਿਹਾ ਕਿ ਸ਼੍ਰੀਨਗਰ ਜ਼ਿਲ੍ਹੇ ਦੇ ਅੰਦਰ ਆਪਣੇ ਵਰਕਰਾਂ ਨੂੰ ਮਜ਼ਬੂਤ ਕਰਨ ਦੀ ਸਾਜਿਸ਼ ਦੇ ਅਧੀਨ ਉਨ੍ਹਾਂ ਨੂੰ ਪੈਸਾ ਮਿਲਿਆ ਸੀ। ਇਸ ਸੰਬੰਧ ‘ਚ ਨੌਗਾਮ ਥਾਣੇ ‘ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।