ਪੰਜਾਬ ‘ਚ ਇਨ੍ਹਾਂ 400 ਘਰਾਂ ‘ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ

ਜਲੰਧਰ- ਜਲੰਧਰ ‘ਚ 400 ਘਰਾਂ ‘ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਘਰਾਂ ‘ਤੇ ਜਲਦੀ ਹੀ ਵੱਡਾ ਐਕਸ਼ਨ ਲੈਂਦੇ ਹੋਏ ਜੇ.ਸੀ.ਬੀ. ਮਸ਼ੀਨ ਚੱਲ ਸਕਦੀ ਹੈ। ਜਾਣਕਾਰੀ ਮੁਤਾਬਕ ਪਾਵਰਕਾਮ ਨੇ ਦਾਅਵਾ ਕੀਤਾ ਹੈ ਕਿ ਚੁਗਿੱਟੀ ਖੇਤਰ ਵਿੱਚ ਸਥਿਤ ਡਾ. ਅੰਬੇਡਕਰ ਨਗਰ ਵਿੱਚ ਲਗਭਗ 400 ਘਰ ਪਾਵਰਕਾਮ ਦੀ 65.50 ਏਕੜ ਜ਼ਮੀਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਸਨ। ਨਤੀਜੇ ਵਜੋਂ ਹੁਣ ਇਹ ਘਰ ਜੇ. ਸੀ. ਬੀ. ਨਾਲ ਢਾਹੇ ਜਾ ਸਕਦੇ ਹਨ।

ਪਾਵਰਕਾਮ 2003 ਤੋਂ ਇਸ ਜ਼ਮੀਨ ਦੀ ਮਾਲਕੀ ਲਈ ਕੇਸ ਲੜ ਰਿਹਾ ਹੈ। 2019 ਵਿੱਚ ਅਦਾਲਤ ਨੇ ਪਾਵਰਕਾਮ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਇਸ ਦੇ ਬਾਵਜੂਦ ਜ਼ਮੀਨ ਖਾਲੀ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਪਾਵਰਕਾਮ ਨੇ 27 ਅਕਤੂਬਰ ਨੂੰ ਜਲੰਧਰ ‘ਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਅਦਾਲਤ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਪੁਲਸ ਵਿਰੁੱਧ ਕੇਸ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਢਾਹੁਣ ਦੀ ਸੰਭਾਵਨਾ ਦਾ ਡਰ ਹੈ। ਉਥੇ ਹੀ ਪਾਵਰਕਾਮ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਅਦਾਲਤ ਨੇ ਪਹਿਲਾਂ ਹੀ ਜ਼ਮੀਨ ‘ਤੇ ਉਨ੍ਹਾਂ ਦੇ ਮਾਲਕੀ ਹੱਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ, ਜਿਸ ਨਾਲ ਜ਼ਮੀਨ ਖਾਲੀ ਕਰਵਾਉਣਾ ਜ਼ਰੂਰੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ 1997 ਵਿੱਚ ਪੰਜਾਬ ਸਰਕਾਰ ਨੇ ਇਕ ਕਰਮਚਾਰੀ ਕਲੋਨੀ ਦੇ ਵਿਕਾਸ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਜ਼ਮੀਨ ਅਲਾਟ ਕੀਤੀ ਸੀ। ਬਾਅਦ ਵਿੱਚ ਪਾਵਰਕਾਮ ਨੇ ਬਿਜਲੀ ਬੋਰਡ ਦੀ ਥਾਂ ਲੈ ਲਈ ਅਤੇ ਉਦੋਂ ਤੋਂ ਇਹ ਜ਼ਮੀਨ ਇਸ ਦੇ ਨਾਮ ‘ਤੇ ਰਜਿਸਟਰਡ ਹੈ।

Leave a Reply

Your email address will not be published. Required fields are marked *