ਕੇਲਾਂਗ/ਸ਼੍ਰੀਨਗਰ- ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੇ ਉੱਚੇ ਪਹਾੜਾਂ ’ਤੇ ਤਾਜ਼ਾ ਬਰਫਬਾਰੀ ਹੋਈ। ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ 13050 ਫੁੱਟ ਉੱਚੇ ਰੋਹਤਾਂਗ ਦੱਰੇ ਵਿਚ ਇਕ ਫੁੱਟ ਬਰਫਬਾਰੀ ਹੋਈ। ਕੁੰਜੁਮ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ਵਿਚ ਵੀ ਇਕ ਫੁੱਟ ਤੋਂ ਵੱਧ ਬਰਫ਼ ਦੀ ਮੋਟੀ ਚਾਦਰ ਵਿਛੀ ਹੈ। ਅਟਲ ਟਨਲ ਦੇ ਦੋਵੇਂ ਕਿਨਾਰਿਆਂ ਨਾਰਥ ਅਤੇ ਸਾਊਥ ਵੀ ਬਰਫ਼ ਨਾਲ ਢੱਕ ਗਏ। ਲਗਾਤਾਰ ਜਾਰੀ ਬਰਫਬਾਰੀ ਕਾਰਨ ਅਟਲ ਟਨਲ ਸੈਲਾਨੀਆਂ ਲਈ ਬੰਦ ਕਰ ਦਿੱਤੀ ਹੈ, ਉਥੇ ਹੀ ਰੋਹਤਾਂਗ ਦੱਰਾ ਪਹਿਲਾਂ ਹੀ ਬੰਦ ਹੈ। ਉਚਾਈ ਵਾਲੇ ਪੇਂਡੂ ਖੇਤਰਾਂ ਦਾਰਚਾ, ਯੋਚੇ, ਛਿਕਾ, ਰਾਰਿਕ, ਕੋਕਸਰ, ਸਿੱਸੂ, ਗੋਂਦਲਾ, ਨੈਨਗਾਹਰ ਅਤੇ ਮਾਯੜ ਸਮੇਤ ਸਪਿਤੀ ਦੇ ਪਿਨ ਵੈਲੀ, ਕਿਓਟੋ, ਟਸ਼ੀਗੰਗ, ਕਿੱਬਰ, ਲਾਂਗਚਾ, ਚੰਦਰਤਾਲ ਅਤੇ ਕੁੰਜੁਮ ਸਮੇਤ ਕਾਜਾ ਮੰਡਲ ਦੇ ਤਮਾਮ ਖੇਤਰਾਂ ਵਿਚ ਬਰਫਬਾਰੀ ਹੋਈ ਹੈ। ਜ਼ਿਲੇ ਦੇ ਵਧੇਰੇ ਖੇਤਰਾਂ ਵਿਚ ਵਾਹਨ ਸੇਵਾ ਪ੍ਰਭਾਵਿਤ ਹੋਈ ਹੈ।
ਓਧਰ, ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਪਹਿਲਗਾਮ ਅਤੇ ਗੁਲਮਰਗ ਨੂੰ ਛੱਡ ਕੇ ਪੂਰੀ ਵਾਦੀ ਵਿਚ ਰਾਤ ਦਾ ਤਾਪਮਾਨ ਜਮਾਅ ਬਿੰਦੂ ਤੋਂ ਉਪਰ ਚਲਾ ਗਿਆ ਹੈ। ਸੋਨਮਰਗ, ਗੁਲਮਰਗ, ਤੰਗਧਾਰ ਅਤੇ ਕਸ਼ਮੀਰ ਦੇ ਹੋਰ ਉਚਾਈ ਵਾਲੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਹੋਈ ਹੈ। ਉੱਤਰ ਅਤੇ ਮੱਧ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਹਲਕਾ ਮੀਂਹ ਪਿਆ। ਮੌਸਮ ਦਫ਼ਤਰ ਨੇ ਕਿਹਾ ਹੈ ਕਿ ਦਿਨ ਵਧਣ ਦੇ ਨਾਲ ਸ਼ਾਮ ਜਾਂ ਰਾਤ ਤੱਕ ਬਰਫਬਾਰੀ ਜਾਂ ਮੀਂਹ ਵਿਚ ਹੌਲੀ-ਹੌਲੀ ਤੇਜ਼ੀ ਆਵੇਗੀ।