ਜਲੰਧਰ- 17 ਜਨਵਰੀ ਨੂੰ ਜਲੰਧਰ ਤੋਂ ‘ਭਾਰਤ ਜੋੜੇ ਯਾਤਰਾ’ ਨਿਕਲੇਗੀ। ਜਲੰਧਰ ਤੋਂ ਨਿਕਲਣ ਵਾਲੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਟਰੈਫਿਕ ਪੁਲਸ ਨੇ ਸਾਰੀ ਪਲਾਨਿੰਗ ਕਰ ਲਈ ਹੈ। ਟਰੈਫਿਕ ਦੀ ਸਾਰੀ ਫੋਰਸ ਰੈਲੀ ਰੂਟ ’ਤੇ ਹੀ ਤਾਇਨਾਤ ਹੋਵੇਗੀ ਅਤੇ ਸ਼ਹਿਰ ਦੀ ਆਵਾਜਾਈ ਪੀ. ਸੀ. ਵੱਲੋਂ ਕੰਟਰੋਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਪਰਾਗਪੁਰ ਤੋਂ ਲੈ ਕੇ ਨੂਰਪੁਰ ਤੱਕ ਦੇ ਸਾਰੇ ਕੱਟ ਬੰਦ ਹੋਣਗੇ ਅਤੇ ਵੱਡੇ ਕੱਟਾਂ ’ਤੇ ਵੀ ਟਰੈਫਿਕ ਪੁਲਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟਰੈਫਿਕ ਪੁਲਸ ਨੇ ਜਿਥੋਂ-ਜਿਥੋਂ ਰੈਲੀ ਲੰਘਣੀ ਹੈ, ਉਨ੍ਹਾਂ ਰਸਤਿਆਂ ’ਤੇ ਲਗਭਗ 44 ਪੁਆਇੰਟਾਂ ਤੋਂ ਟਰੈਫਿਕ ਨੂੰ ਡਾਇਵਰਟ ਕਰਨ ਦੀ ਪਲਾਨਿੰਗ ਵੀ ਕੀਤੀ ਹੋਈ ਹੈ।
17 ਜਨਵਰੀ ਨੂੰ ਜਲੰਧਰ ਪਹੁੰਚਣ ਵਾਲੀ ਰੈਲੀ ਨੂੰ ਪਰਾਗਪੁਰ ਪਹੁੰਚਦੇ ਹੀ ਜਲੰਧਰ ਪੁਲਸ ਹੈਂਡਲ ਕਰੇਗੀ। ਰੈਲੀ ਵਿਚ ਕਿਸੇ ਵੀ ਰਾਹਗੀਰ ਦਾ ਵਾਹਨ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਪਰਾਗਪੁਰ, ਬੀ. ਐੱਸ. ਐੱਫ਼. ਚੌਂਕ, ਬੀ. ਐੱਮ. ਸੀ. ਚੌਂਕ, ਨਾਮਦੇਵ ਚੌਂਕ, ਜੀ. ਪੀ. ਓ. ਚੌਂਕ, ਸ਼ਾਸਤਰੀ ਮਾਰਕੀਟ ਚੌਂਕ, ਮਦਨ ਫਲੋਰ ਮਿੱਲ ਚੌਂਕ, ਰੇਲਵੇ ਸਟੇਸ਼ਨ, ਦੋਮੋਰੀਆ ਪੁਲ , ਕਿਸ਼ਨਪੁਰਾ ਚੌਂਕ, ਦੋਆਬਾ ਚੌਂਕ, ਪਠਾਨਕੋਟ ਚੌਂਕ, ਰੇਰੂ ਪਿੰਡ ਚੌਂਕ ਅਤੇ ਫਿਰ ਨੂਰਪੁਰ ਵਿਚ ਜਿੰਨੇ ਵੀ ਛੋਟੇ-ਵੱਡੇ ਕੱਟ ਹਨ ਜਾਂ ਰਸਤੇ ਹਨ, ਉਹ ਬੰਦ ਹੋਣਗੇ। ਜਿਸ-ਜਿਸ ਰਸਤੇ ਤੋਂ ਰੈਲੀ ਲੰਘਣੀ ਹੈ, ਉਸ ਰਸਤੇ ਤੋਂ ਟਰੈਫਿਕ ਡਾਇਵਰਟ ਹੋਵੇਗੀ ਤਾਂ ਕਿ ਸ਼ਹਿਰ ਦੀ ਟਰੈਫਿਕ ਰੈਲੀ ਵਿਚ ਮਰਜ ਨਾ ਹੋਵੇ। ਪੈਦਲ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਵਿਚ ਪੂਰਾ ਦਿਨ ਲੱਗ ਸਕਦਾ ਹੈ, ਜਿਸ ਕਾਰਨ ਸ਼ਹਿਰ ਵਿਚ ਟਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ ਪਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ. ਸੀ. ਆਰ. ਟੀਮਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।
4 ਸੈਕਟਰਾਂ ’ਚ ਵੰਡੀ ਜਾ ਸਕਦੀ ਹੈ ਟਰੈਫਿਕ ਪੁਲਸ
ਸੂਤਰਾਂ ਦੀ ਮੰਨੀਏ ਤਾਂ ਟਰੈਫਿਕ ਪੁਲਸ ਦੇ ਅਧਿਕਾਰੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਅਜੇ ਵੀ ਮੀਟਿੰਗਾਂ ਕਰ ਰਹੇ ਹਨ। ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਟਰੈਫਿਕ ਪੁਲਸ ਨੂੰ 4 ਸੈਕਟਰਾਂ ਵਿਚ ਵੰਡ ਦਿੱਤਾ ਜਾਵੇ। 4 ਸੈਕਟਰਾਂ ਵਿਚ ਵੱਖ-ਵੱਖ ਇਲਾਕੇ ਚੁਣੇ ਜਾਣਗੇ। ਸੈਕਟਰ-1 ਦੇ ਇਲਾਕਿਆਂ ਤੋਂ ਜਦੋਂ ਭਾਰਤ ਜੋੜੋ ਯਾਤਰਾ ਨਿਕਲ ਕੇ ਸੈਕਟਰ-2 ਵਿਚ ਦਾਖ਼ਲ ਹੋਵੇਗੀ ਤਾਂ ਸੈਕਟਰ-1 ਦੀ ਟਰੈਫਿਕ ਟੀਮ ਸੈਕਟਰ-3 ਵਿਚ ਪਹੁੰਚ ਜਾਵੇਗੀ ਅਤੇ ਜਿਉਂ ਹੀ ਯਾਤਰਾ ਸੈਕਟਰ-3 ਵਿਚ ਪਹੁੰਚੇਗੀ ਤਾਂ ਸੈਕਟਰ-2 ਦੀ ਟੀਮ ਸੈਕਟਰ-4 ਵਿਚ ਪਹੁੰਚ ਜਾਵੇਗੀ।