ਐੱਸਏਐੱਸ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਪੱਧਰ ਦੇ ਪੰਜਾਬੀ ਵਿਸ਼ੇ ਦੀ ਕਰਵਾਈ ਜਾਂਦੀ ਪ੍ਰੀਖਿਆ ਲਈ ਚੌਥੀ ਤਿਮਾਹੀ ਦੀ ਪਰੀਖਿਆ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2022-23 ਦੀ ਚੌਥੀ ਤਿਮਾਹੀ ਦੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਿਸ਼ੇ ਦੀ ਪਰੀਖਿਆ 27 ਅਤੇ 28 ਜਨਵਰੀ, 2023 ਨੂੰ ਕਰਵਾਈ ਜਾਵੇਗੀ। ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਬੁੱਧਵਾਰ, 4 ਜਨਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ’ਤੇ ਉਪਲਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪਰੀਖਿਆ ਫ਼ਾਰਮ 20 ਜਨਵਰੀ 2023 ਤੱਕ ਮੁੱਖ ਦਫ਼ਤਰ, ਐੱਸ.ਏ.ਐੱਸ. ਨਗਰ ਵਿਖੇ ਸਥਿਤ ਸਿੰਗਲ ਵਿੰਡੋ ਰਾਹੀਂ ਪ੍ਰਾਪਤ ਕੀਤੇ ਜਾਣਗੇ।
ਇਸ ਪਰੀਖਿਆ ਨਾਲ ਸਬੰਧਤ ਰੋਲ ਨੰਬਰ/ਐਡਮਿਟ ਕਾਰਡ ਸਿੱਖਿਆ ਬੋਰਡ ਦੀ ਵੈੱਬ-ਸਾਈਟ ’ਤੇ 24 ਜਨਵਰੀ 2023 ਤੋਂ ਉਪਲਬਧ ਹੋਣਗੇ। ਬੋਰਡ ਅਧਿਕਾਰੀਆਂ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਤ ਪਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਹਿਚਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫ਼ੋਟੋ-ਕਾਪੀਆਂ ਨਾਲ ਲੈ ਕੇ ਆਉਣ। ਇਸ ਪਰੀਖਿਆ ਨਾਲ ਸਬੰਧਤ ਸੰਪੂਰਨ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ’ਤੇ ਉਪਲਬਧ ਹੈ।