ਲੁਧਿਆਣਾ- ਬਹੁ-ਚਰਚਿਤ ਅਨਾਜ ਮੰਡੀ ਟਰਾਂਸਪੋਰਟੇਸ਼ਨ ਘਪਲੇ ‘ਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਉਰਫ ਇੰਦੀ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਦਾਲਤ ਨੇ 4 ਜਨਵਰੀ ਨੂੰ ਇੰਦੀ ਨੂੰ ਭਗੌੜਾ ਕਰਾਰ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਉਸ ਨੇ ਆਤਮ-ਸਮਰਪਣ ਕਰ ਦਿੱਤਾ।
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਖ਼ੁਰਾਕ ਅਤੇ ਸਪਲਾਈ ਵਿਭਾਗ ‘ਚ ਹੋਏ ਟੈਂਡਰ ਘਪਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੇਲ੍ਹ ‘ਚ ਬੰਦ ਹਨ। ਇਸ ਮਾਮਲੇ ‘ਚ ਆਰ. ਕੇ. ਸਿੰਗਲਾ ਦਾ ਨਾਂ ਵੀ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਆਸ਼ੂ ‘ਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਜ਼ਰੀਏ ਮੰਡੀਆਂ ਤੋਂ ਅਨਾਜ ਚੁੱਕਣ ‘ਚ ਟੈਂਡਰ ਘਪਲੇ ਦਾ ਦੋਸ਼ ਹੈ।
ਵਿਜੀਲੈਂਸ ਵੱਲੋਂ ਫੜ੍ਹੇ ਗਏ ਠੇਕੇਦਾਰ ਤੇਲੂ ਰਾਮ ਨੇ ਵਿਜੀਲੈਂਸ ਨੂੰ ਦਿੱਤੇ ਬਿਆਨ ‘ਚ ਕਿਹਾ ਸੀ ਕਿ ਉਸ ਨੇ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਪੀ. ਏ. ਨੂੰ 6 ਲੱਖ ਰਿਸ਼ਵਤ ਦਿੱਤੀ ਸੀ ਅਤੇ ਟੈਂਡਰ ਲੈਣ ਲਈ ਵੀ ਆਰ. ਕੇ. ਸਿੰਗਲਾ ਜ਼ਰੀਏ ਮੰਤਰੀ ਨੂੰ 20 ਲੱਖ ਰੁਪਏ ਦਿੱਤੇ ਸਨ। ਇਸੇ ਆਧਾਰ ‘ਤੇ ਆਸ਼ੂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ 22 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।