ਨਵੀਂ ਦਿੱਲੀ, 27 ਜੁਲਾਈ (ਦਲਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ 8 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਡਟੇ ਹੋਏ ਹਨ। ਇਸ ਦਰਮਿਆਨ ਟਿਕਰੀ ਬਾਰਡਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਕੈਂਪ ’ਤੇ ਹਮਲਾ ਹੋਇਆ ਹੈ। ਰੁਲਦੂ ਸਿੰਘ ਮਾਨਸਾ ਦੀ ਟਰਾਲੀ ਦੀ ਵੀ ਭੰਨ ਤੋੜ ਕੀਤੀ ਗਈ ਅਤੇ ਟਰਾਲੀ ‘ਚ ਪਏ ਦੋ ਕਿਸਾਨਾਂ ਉਪਰ ਹਮਲਾ ਕੀਤਾ ਗਿਆ। ਜਿਸ ਵਿਚ ਦੋ ਕਿਸਾਨਾਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। ਜਥੇਬੰਦੀ ਅਨੁਸਾਰ ਹਮਲਾਵਰ ਕੁੱਟਮਾਰ ਤੋਂ ਬਾਅਦ ਫ਼ਰਾਰ ਹੋ ਗਏ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਅੱਜ ਮਾਨਸਾ ਆ ਕੇ ਦੱਸਿਆ ਕਿ ਉਹ ਹਮਲੇ ਤੋਂ ਸਿਰਫ 40 ਮਿੰਟ ਪਹਿਲਾਂ ਹੀ ਕੈਂਪ ਵਿਚ ਟਰਾਲੀ ਕੋਲ ਗੇੜਾ ਮਾਰ ਕੇ ਆਏ ਸਨ ਪਰ ਉਨ੍ਹਾਂ ਦੇ ਆਉਣ ਦੇ ਕੁਝ ਸਮੇਂ ਬਾਅਦ ਇਹ ਘਟਨਾ ਵਾਪਰੀ ਹੈ । ਉਨ੍ਹਾਂ ਕਿਹਾ ਕਿ ਉਹ ਰਾਤ ਨੂੰ 11 ਵਜੇ ਛਿੰਦਵਾੜਾ ਐਕਸਪ੍ਰੈਸ ਟ੍ਰੇਨ ਰਾਹੀਂ ਮਾਨਸਾ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਹਮਲਾ ਰੁਲਦੂ ਸਿੰਘ ਮਾਨਸਾ ‘ਤੇ ਕੀਤਾ ਗਿਆ ਜਾਪਦਾ ਹੈ ਪਰ ਉਹ ਉਸ ਵੇਲੇ ਉਥੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਮਾਨਸਾ ਨੇੜਲੇ ਪਿੰਡ ਤਾਮਕੋਟ ਦੇ ਗੁਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ,ਜੋ ਇਸ ਵੇਲੇ ਰੋਹਤਕ ਦੇ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਓਧਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੇ ਕੈਂਪ’ਤੇ ਹਮਲਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਰੋਹਤਕ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ। ਪੁਲਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਦੇ ਕੈਂਪ ‘ਤੇ ਹਮਲਾ ਕਰਨ ਦੀ ਪੰਜਾਬ ਕਿਸਾਨ ਯੂਨੀਅਨ, ਸੀ.ਪੀ.ਆਈ (ਐਮ. ਐਲ.) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਰੁਲਦੂ ਸਿੰਘ ਮਾਨਸਾ ਨੇ ਸੰਯੁਕਤ ਮੋਰਚੇ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਕਿਸਾਨ ਆਗੂਆਂ ‘ਤੇ ਅਜਿਹੇ ਹਮਲੇ ਹੋਰ ਵੀ ਵੱਧ ਸਕਦੇ ਹਨ ਅਤੇ ਕਿਸਾਨੀ ਘੋਲ ਨੂੰ ਅਸਫ਼ਲ ਕਰਨ ‘ਚ ਲੱਗੀਆਂ ਤਾਕਤਾਂ ਆਪਣੇ ਮਨਸੂਬਿਆਂ ‘ਚ ਕਾਮਯਾਬ ਹੋ ਸਕਦੀਆਂ ਹਨ। ਦੱਸ ਦੇਈਏ ਕਿ ਰੁਲਦੂ ਸਿੰਘ ਮਾਨਸਾ ਨੇ ਹਾਲ ਹੀ ’ਚ ਭੜਕਾਊ ਭਾਸ਼ਣ ਦਿੱਤਾ ਸੀ, ਜਿਸ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਰੁਲਦੂ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ।