ਗੁਰਦਾਸਪੁਰ- ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਦੀ ਟੀਮ ਨੇ ਅੱਜ ਸਵੇਰੇ ਤੜਕਸਾਰ ਪਿੰਡ ਥੰਮਣ ਥਾਣਾ ਦੋਰਾਂਗਲਾ ਵਿਖੇ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ 50 ਕਰੋੜ ਰੁਪਏ ਦੀ 10 ਕਿੱਲੋ ਹੈਰੋਇਨ ਅਤੇ 2 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕਸਾਰ 6 ਵਜੇ ਇਕ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਗੁਰਦਾਸਪੁਰ ਵੱਲੋਂ ਪਿੰਡ ਥੰਮਣ, ਥਾਣਾ ਦੋਰਾਂਗਲਾ ਜ਼ਿਲ੍ਹਾ ਗੁਰਦਾਸਪੁਰ ‘ਚ ਨਾਕਾਬੰਦੀ ਦੌਰਾਨ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਥੰਮਣ ਅਤੇ ਸਵਰਨ ਸਿੰਘ ਵਾਸੀ ਪਿੰਡ ਸਹੂਰ ਕਲਾਂ ਥਾਣਾ ਕਲਾਨੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜ੍ਹੇ ਗਏ ਦੋਹਾਂ ਵਿਅਕਤੀਆਂ ਕੋਲੋਂ 2 ਪਿਸਤੌਲਾਂ ਅਤੇ 10 ਪੈਕਟ (ਕੀਮਤ 50 ਕਰੋੜ) ਹੈਰੋਇਨ ਬਰਾਮਦ ਕੀਤੀ ਗਈ। ਸੂਤਰਾਂ ਅਨੁਸਾਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਦੋਹਾਂ ਗ੍ਰਿਫ਼ਤਾਰ ਵਿਅਕਤੀਆਂ ਨੂੰ ਕਿਸੇ ਗੁਪਤ ਟਿਕਾਣੇ ‘ਤੇ ਲਿਜਾਇਆ ਗਿਆ ਹੈ।