ਟੋਕੀਓ, 27 ਜੁਲਾਈ (ਨਵਦੀਪ ਸਿੰਘ ਗਿੱਲ)- ਆਸਟਰੇਲੀਆ ਖਿਲਾਫ 1-7 ਦੀ ਵੱਡੀ ਹਾਰ ਤੋਂ ਉੱਭਰਦਿਆਂ ਟੋਕੀਓ ਓਲੰਪਿਕ ਖੇਡਾਂ ਦੀ ਮਰਦਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਧਮਾਕੇਦਾਰ ਵਾਪਸੀ ਕਰਦਿਆਂ ਸਪੇਨ ਨੂੰ 3-0 ਨਾਲ ਹਰਾਇਆ। ਪੂਲ ਏ ਵਿੱਚ ਇਹ ਭਾਰਤ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ ਅਤੇ 6 ਅੰਕਾਂ ਨਾਲ ਭਾਰਤ ਨੇ ਪੂਲ ਏ ਵਿੱਚ ਦੂਜੀ ਪੁਜ਼ੀਸ਼ਨ ਬਣਾ ਲਈ ਹੈ ਜਿਸ ਨਾਲ ਕੁਆਰਟਰ ਫਾਈਨਲ ਲਈ ਲੱਗਭੱਗ ਥਾਂ ਪੱਕੀ ਹੋ ਗਈ ਹੈ।ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।
ਪਹਿਲੇ ਕੁਆਰਟਰ ਦੇ ਆਖਰੀ ਦੋ ਮਿੰਟਾਂ ਵਿੱਚ ਭਾਰਤ ਵੱਲੋਂ ਕੀਤੇ ਉਤੋਤੜੀ ਗੋਲਾਂ ਨੇ ਅੰਤ ਤੱਕ ਸਪੇਨ ਨੂੰ ਉੱਭਰਨ ਨਹੀਂ ਦਿੱਤਾ।ਆਪਣਾ ਪਹਿਲਾ ਓਲੰਪਿਕ ਮੈਚ ਖੇਡ ਰਹੇ ਸਿਮਰਨਜੀਤ ਸਿੰਘ ਨੇ 14ਵੇਂ ਮਿੰਟ ਵਿੱਚ ਫ਼ੀਲਡ ਗੋਲ ਕੀਤਾ ਜਦੋਂ ਕਿ ਰੁਪਿੰਦਰਪਾਲ ਸਿੰਘ ਨੇ ਅਗਲੇ ਹੀ ਮਿੰਟ ਪੈਨਲਟੀ ਸਟੋਰਕ ਉੱਪਰ ਗੋਲ ਕੀਤਾ।ਦੂਜਾ ਤੇ ਤੀਜਾ ਕੁਆਰਟਰ ਗੋਲ ਰਹਿਤ ਰਿਹਾ ਅਤੇ ਚੌਥੇ ਕੁਆਰਟਰ ਵਿੱਚ 51ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਉਤੇ ਰੁਪਿੰਦਰਪਾਲ ਸਿੰਘ ਨੇ ਆਪਣਾ ਮੈਚ ਵਿਚਲਾ ਦੂਜਾ ਤੇ ਟੀਮ ਦਾ ਤੀਜਾ ਗੋਲ ਕੀਤਾ। ਉਂਝ ਇਹ ਉਸ ਦਾ ਟੋਕੀਓ ਓਲੰਪਿਕ ਖੇਡਾਂ ਵਿੱਚ ਤੀਜਾ ਗੋਲ ਸੀ।
ਅੱਜ ਦੇ ਮੈਚ ਵਿੱਚ ਗੋਲ਼ਾਂ ਦੇ ਹਿਸਾਬ ਨਾਲ ਭਾਰਤ ਵੱਡੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ ਜੋ ਦਰਸਾਉਂਦਾ ਹੈ ਕਿ ਭਾਰਤੀ ਟੀਮ ਪਿਛਲੀ ਹਾਰ ਤੋਂ ਉੱਭਰ ਗਈ ਹੈ। ਅੱਜ ਦੇ ਮੈਚ ਵਿੱਚ ਹਾਲਾਂਕਿ ਸਪੇਨ ਨੇ ਕਰੜੀ ਟੱਕਰ ਦਿੰਦਿਆਂ ਦੂਜੇ ਤੇ ਤੀਜੇ ਕੁਆਰਟਰ ਵਿੱਚ ਨਿਰੰਤਰ ਹਮਲੇ ਕੀਤੇ ਪਰ ਭਾਰਤ ਦੀ ਮਜ਼ਬੂਤ ਡਿਫੈੰਸ ਲਾਈਨ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕੀਤਾ ਜਦੋਂ ਕਿ ਦੂਜੇ ਪਾਸੇ ਭਾਰਤੀ ਟੀਮ ਨੇ ਖ਼ੁਦ ਬਣਾਏ ਹਮਲਿਆਂ ਨੂੰ ਗੋਲ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਭਾਰਤ ਤਰਫੋਂ ਬਿਰੇਂਦਰ ਲਾਕੜਾ ਨੇ ਅੱਜ ਆਪਣਾ 200ਵਾਂ ਤੇ ਅਮਿਤ ਰੋਹੀਦਾਸ ਨੇ ਆਪਣਾ 100ਵਾਂ ਕੌਮਾਂਤਰੀ ਮੈਚ ਖੇਡਿਆ ਅਤੇ ਸਪੇਨ ਉਤੇ ਜਿੱਤ ਨਾਲ ਇਹ ਮੈਚ ਉਨ੍ਹਾਂ ਲਈ ਹੋਰ ਵੀ ਯਾਦਗਾਰੀ ਬਣ ਗਿਆ।
ਪੂਲ ਏ ਵਿੱਚ ਆਸਟਰੇਲੀਆ 9 ਅੰਕਾਂ ਨਾਲ ਪਹਿਲੇ, ਭਾਰਤ 6 ਅੰਕਾਂ ਨਾਲ ਦੂਜੇ, ਅਰਜਨਟਾਈਨਾ 4 ਅੰਕਾਂ ਨਾਲ ਤੀਜੇ, ਨਿਊਜ਼ੀਲੈਂਡ 3 ਅੰਕਾਂ ਨਾਲ ਚੌਥੇ, ਸਪੇਨ ਇਕ ਅੰਕ ਨਾਲ ਪੰਜਵੇਂ ਤੇ ਜਪਾਨ ਬਿਨਾਂ ਕਿਸੇ ਅੰਕ ਦੇ ਆਖਰੀ ਸਥਾਨ ਉਤੇ ਹੈ। ਪੂਲ ਵਿੱਚੋਂ ਸਿਖਰਲੀਆਂ ਚਾਰ ਟੀਮਾਂ ਕੁਆਰਟਰ ਫ਼ਾਈਨਲ ਲਈ ਕੁਆਲੀਫਾਈ ਹੋਣਗੀਆਂ। ਭਾਰਤ ਦਾ ਅਗਲਾ ਮੈਚ 29 ਜੁਲਾਈ ਨੂੰ ਅਰਜਨਟਾਈਨਾ ਤੇ 30 ਜੁਲਾਈ ਨੂੰ ਜਪਾਨ ਨਾਲ ਹੋਵੇਗਾ।