ਚੰਡੀਗੜ੍ਹ, 20 ਦਸੰਬਰ- ਸ਼੍ਰੋਮਣੀ ਅਕਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੀ ਆਵਾਜ਼ ‘ਅਜੀਤ’ ਅਖ਼ਬਾਰ ਦਾ ਇਸ਼ਤਿਹਾਰ ਬੰਦ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮਾਨ ਸਰਕਾਰ ਨੂੰ ਤੁਰੰਤ ‘ਅਜੀਤ’ ਅਖ਼ਬਾਰ ਨੂੰ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਨ ਵਾਲੇ ‘ਅਜੀਤ’ ਅਖ਼ਬਾਰ ਦਾ ਇਸ਼ਤਿਹਾਰ ਬੰਦ ਕਰਨ ਨਾਲ ਮਾਨ ਸਰਕਾਰ ਦਾ ਇਕ ਵਾਰੀ ਫਿਰ ਤਾਨਾਸ਼ਾਹੀ ਰਵਈਆ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਚਟਾਨ ਵਾਂਗ ‘ਅਜੀਤ’ ਅਦਾਰੇ ਨਾਲ ਖੜ੍ਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਨਿਰਪੱਖ, ਨਿਡਰ ਅਤੇ ਇਮਾਨਦਾਰ ਸੋਚ ਦੇ ਧਾਰਨੀ ‘ਅਜੀਤ’ ਅਖ਼ਬਾਰ ਨਾਲ ਵਿਤਕਰਾ ਕਰਕੇ ਮਾਨ ਸਰਕਾਰ ਸਚਾਈ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਰਕੇ ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੇ ਮਾਣ ‘ਅਜੀਤ’ ਅਖ਼ਬਾਰ ਨਾਲ ਵਿਤਕਰਾ ਕਰਨ ਦੀ ਬਜਾਏ ਤੁਰੰਤ ਇਸ਼ਤਿਹਾਰ ਜਾਰੀ ਕਰਨ ਤਾਂ ਜ਼ੋ ‘ਅਜੀਤ’ ਅਦਾਰਾ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇ।