ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਸਹਿਕਾਰਤਾ ਲਹਿਰ ਨੂੰ ਹੁਲਾਰਾ ਦੇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਕਫੈਡ ਦੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਗਈ ਹੈ। ਅੱਜ ਇਥੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਵਿਚ 625 ਨਵੇਂ ਮਿਲਕ ਬੂਥ ਖੋਲ੍ਹਣ ਅਤੇ ਕੌਮੀ ਰਾਜਧਾਨੀ ਖੇਤਰ ਵਿਚ ਵੇਰਕਾ ਉਤਪਾਦਾਂ ਦਾ ਦਾਇਰਾ ਵਧਾਉਣ ਲਈ ਪੱਕਾ ਦਫਤਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ।
ਮੁੱਖ ਸਕੱਤਰ ਨੇ ਕਿਹਾ ਕਿ ਸਹਿਕਾਰੀ ਅਦਾਰਾ ਮਿਲਕਫੈਡ ਸਿੱਧੇ ਤੌਰ ’ਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿਸਾਨਾਂ ਨੂੰ ਚੰਗੀ ਕੀਮਤ ’ਤੇ ਦੁੱਧ ਖਰੀਦ ਕੇ ਉਚ ਮਿਆਰ ਦੇ ਉਤਪਾਦ ਤਿਆਰ ਕਰਕੇ ਗਾਹਕਾਂ ਨੂੰ ਵਾਜਬ ਕੀਮਤਾਂ ’ਤੇ ਵੇਚਦਾ ਹੈ। ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਪੰਜਾਬ ਵਿਚ ਕੁੱਲ 1000 ਨਵੇਂ ਬੂਥ ਖੋਲ੍ਹਣ ਦੀ ਯੋਜਨਾ ਹੈ ਜਿਸ ਵਿਚੋਂ ਪਹਿਲੇ ਪੜਾਅ ਵਿਚ 625 ਬੂਥ ਖੋਲ੍ਹਣ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ।