ਭਿੱਖੀਵਿੰਡ: ਭਾਰਤ ਪਾਕਿ ਸਰਹੱਦ ਸੈਕਟਰਾ ਖਾਲੜਾ ’ਚ ਸਰਹੱਦ ਦੇ ਪੰਜ ਕਿੱਲੋਮੀਟਰ ਅੰਦਰ ਖੇਤਾਂ ਵਿਚੋਂ ਡ੍ਰੋਨ ਦੇ ਪੁਰਜੇ ਪੁਲਿਸ ਨੇ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਥਾਣਾ ਖਾਲੜਾ ਵਿਚ ਅਣਪਛਾਤੇ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਖੇਮਕਰਨ ਸੈਕਟਰ ’ਚ ਵੀ ਸਰਹੱਦ ਦੇ ਕਰੀਬ ਇਕ ਕਿੱਲੋਮੀਟਰ ਅੰਦਰ ਖੇਤਾਂ ਵਿਚ ਡ੍ਰੋਨ ਅਤੇ ਪੌਣੇ 7 ਕਿੱਲੋ ਹੈਰੋਇਨ ਡਿੱਗੀ ਮਿਲੀ ਸੀ।
ਪਾਕਿਸਤਾਨੀ ਸਮੱਗਲਰਾਂ ਵੱਲੋਂ ਲਗਾਤਾਰ ਭਾਰਤੀ ਖੇਤਰ ਵਿਚ ਡ੍ਰੋਨਾਂ ਰਾਂਹੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਡ੍ਰੋਨਾਂ ਨੂੰ ਖਦੇੜ ਵਾਸਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ। ਪਰ ਬਾਵਜੂਦ ਇਸਦੇ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਨੂੰ ਛੱਡ ਨਹੀਂ ਰਿਹਾ। ਤਾਜੀ ਘਟਨਾ ਮੁਤਾਬਿਕ ਖਾਲੜਾ ਤੋਂ ਮਾੜੀਮੇਘਾ, ਮਾੜੀ ਕੰਬੋਕੇ ਅਤੇ ਵਾਂ ਤਾਰਾ ਸਿੰਘ ਪਿੰਡ ਵਾਲੀ ਸੜਕ ’ਤੇ ਇਕ ਬਹਿਕ ਕੋਲ ਕਣਕ ਦੇ ਖੇਤ ਵਿਚੋਂ ਡ੍ਰੋਨ ਦੇ ਪੁਰਜ਼ੇ ਪੁਲਿਸ ਦੇ ਹੱਥ ਲੱਗੇ ਹਨ। ਇਹ ਸਮੱਗਰੀ ਕੌਮਾਂਤਰੀ ਸਰਹੱਦ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਭਾਰਤੀ ਖੇਤਰ ਵਿਚੋਂ ਬਰਾਮਦ ਹੋਈ ਹੈ। ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਇਸਦੀ ਸੂਚਨਾ ਬੀਐੱਸਐੱਫ ਨੂੰ ਦਿੱਤੀ ਤਾਂ ਮੌਕੇ ਉੱਪਰ ਬੀਐੱਸਐੱਫ ਦੇ ਇੰਸਪੈਕਟਰ ਰਾਵਤ ਸੁਭਰੀ ਅਤੇ ਡੀਆਈ ਜੀਐੱਮ ਸਿੰਘ ਵੀ ਜਵਾਨਾਂ ਸਣੇ ਪਹੁੰਚ ਗਏ। ਡੀਆਈ ਜੀਐੱਮ ਸਿੰਘ ਨੇ ਦੱਸਿਆ ਕਿ ਇਹ ਡ੍ਰੋਨ ਸਮੱਗਲਰਾਂ ਵੱਲੋਂ ਤਸਕਰੀ ਲਈ ਵਰਤੋਂ ਵਿਚ ਲਿਆਂਦਾ ਗਿਆ ਹੈ। ਥਾਣਾ ਖਾਲੜਾ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਡ੍ਰੋਨ ਦੇ ਪੁਰਜੇ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਖਤੀ ਵਿਰੁੱਧ ਏਅਰ ਕਰਾਫ ਐਕਟ ਤੋਂ ਇਲਾਵਾ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾਂ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।