ਪੰਜਾਬ ਦੇ ਵਾਤਾਵਰਣ ਨੂੰ ਸੁਧਾਰਨ ਲਈ ਲੋਕ ਲਹਿਰ ਉਸਾਰਨ ਦਾ ਸੱਦਾ
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ, ਪਵਿੱਤਰ ਕਾਲੀ ਵੇਂਈ ਦੇ ਕੀਤੇ ਦਰਸ਼ਨ
ਸੁਲਤਾਨਪੁਰ ਲੋਧੀ -ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਕਿਨਾਰੇ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਸਮਾਗਮ ਦੇ ਮੁੱਖ ਮਹਿਮਾਨ ਨੈਸ਼ਨਲ ਗਰੀਨ ਟ੍ਰਿਿਬਊਨਲ (ਐਨ.ਜੀ.ਟੀ) ਦੇ ਚੇਅਰਪਰਸਨ ਜਸਟਿਸ ਸ੍ਰੀ ਆਦਰਸ ਕੁਮਾਰ ਗੋਇਲ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਲੋਕਾਂ ਨੇ ਆਪਣੀ ਜੀਵਨਸ਼ੈਲੀ ਨਾ ਬਦਲੀ ਤਾਂ ਸਾਰਾ ਕੁਝ ਤਬਾਹ ਹੋ ਜਾਵੇਗਾ। ਉਹਨਾਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਹਵਾ, ਪਾਣੀ ਤੇ ਖੁਰਾਕ ਸ਼ੁੱਧ ਨਾ ਹੋਣ ਕਾਰਨ ਲੋਕ ਬਿਮਾਰੀਆਂ ਵਿਚ ਜਕੜ ਗਏ ਹਨ। ਜਸਟਿਸ ਗੋਇਲ ਨੇ ਕਿਹਾ ਕਿ ਸ਼ੁੱਧ ਵਾਤਾਵਰਣ ਮਨੁੱਖ ਦੇ ਜੀਵਨ ਦਾ ਅਧਿਕਾਰ ਹੈ।
ਉਹਨਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਵਾਤਾਵਰਣ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸ਼ਾ ਕਰਦਿਆ ਕਿਹਾ ਸੀਚੇਵਾਲ ਮਾਡਲ ਅਸਲ ਵਿਚ ਇਕ ਸੋਚ ਹੈ ਜੋ ਮਾਨਵਤਾ ਵਾਦੀ ਵਿਚਾਰ ਹੈ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਕਿਸੇ ਦਾ ਦਰਦ ਨਹੀ ਦੇਖ ਸਕਦੇ ਇਸੇ ਸੋਚ ਨਾਲ ਉਹ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕਰਦੇ ਹਨ।
ਪੰਜਾਬ ਸਰਕਾਰ ਨੂੰ 2080 ਕਰੋੜ ਦੇ ਲੱਗੇ ਵਾਤਾਵਰਣ ਦੇ ਮੁਆਵਜ਼ਿਆਂ ਦਾ ਜ਼ਿਕਰ ਕਰਦਿਆ ਉਹਨਾਂ ਕਿਹਾ ਕਿ ਇਹ ਕੋਈ ਜ਼ੁਰਮਾਨਾ ਨਹੀ ਹੈ ਸਗੋਂ ਇਸ ਦਾ ਮਕਸਦ ਵਾਤਾਵਰਣ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰਨਾ ਹੈ। ਜਸਟਿਸ ਗੋਇਲ ਨੇ ਕਿਹਾ ਕਿ ਮੁਆਵਜ਼ੇ ਦੀ ਇਹ ਰਕਮ ਵਾਤਾਵਰਣ ਦੇ ਸੁਧਾਰ ‘ਤੇ ਹੀ ਖਰਚ ਹੋਵੇਗੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੋਈ ਜ਼ੁਰਮਾਨਾ ਨਹੀ ਸਗੋਂ ਸੂਬਿਆਂ ਦੀਆਂ ਸਰਕਾਰਾਂ ਨੂੰ ਜਾਗਰੂਕ ਕਰਨ ਦਾ ਤਰੀਕਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ 135 ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੀਤੀ ਜਾਵੇ ਤਦ ਹੀ ਸ਼ਹਿਰਾਂ ਦੇ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਚੱਲ ਸਕਣਗੇ। 1974 ਦੇ ਵਾਟਰ ਐਕਟ ਦੀ ਗੱਲ ਕਰਦਿਆ ਕਿਹਾ ਕਿ ਇਸ ਐਕਟ ਦੀ ਉਲੰਘਣਾ ਤਾਂ ਬਹੁਤ ਹੋਈ ਹੈ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਐਕਟ ਤਹਿਤ ਕਿਸੇ ਨੂੰ ਵੀ ਕੋਈ ਸਜ਼ਾ ਨਹੀ ਦਿੱਤੀ। ਉਹਨਾਂ ਕਿਹਾ ਕਿ ਪ੍ਰਦੂਸ਼ਿਤ ਵਾਤਾਵਰਣ ਨਾਲ ਪੰਜਾਬ ਦੇ ਲੋਕ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਨਾਲ ਪੀੜਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਦਕਿ ਉਹਨਾਂ ਦਾ ਕੋਈ ਵੀ ਕਸੂਰ ਨਹੀ ਹੈ।
ਜਸਟਿਸ ਪ੍ਰੀਤਮ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਿਗਰਾਨ ਕਮੇਟੀ ਦੇ ਕੰਮ ਦੌਰਾਨ ਉਹਨਾਂ ਨੇ ਹਰਿਆਣਾ ਦੇ ਇਕ ਸਾਬਕਾ ਮੰਤਰੀ ਨੂੰ 50 ਲੱਖ ਦਾ ਜ਼ੁਰਮਾਨਾ ਲਗਾਇਆ ਸੀ ਜਿਸਦੀ ਫੈਕਟਰੀ ਦਾ ਜ਼ਹਿਰੀਲਾ ਪਾਣੀ ਸਰਸਵਤੀ ਨਦੀ ਵਿਚ ਜਾ ਰਿਹਾ ਸੀ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਣ ਸਾਫ ਸੁਥਰਾ ਹੋ ਜਾਂਦਾ ਹੈ ਤਾਂ ਸਾਨੂੰ ਹਸਪਤਾਲਾਂ ਦੀ ਲੋੜ ਨਹੀ ਰਹੇਗੀ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਐਸ.ਸੀ ਅਗਰਵਾਲ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਇੱਛਾ ਸ਼ਕਤੀ ਨਾਲ ਕੰਮ ਨਹੀ ਕਰਨਗੇ ਉਦੋਂ ਤੱਕ ਵਾਤਾਵਰਣ ਵਿਚ ਸੁਧਾਰ ਹੋਣਾ ਨਾ ਮੁਮਕਿਨ ਹੈ। ਨਿਗਰਾਨ ਕਮੇਟੀ ਦੀ ਸੀਨੀਅਰ ਮੈਂਬਰ ਬਾਬੂ ਰਾਮ ਨੇ ਕਿਹਾ ਕਿ ਪੰਜਾਬ ਵਿਚ ਕੂੜੇ ਦੇ 143 ਡੰਪ ਬਣੇ ਹੋਏ ਤੇ ਲੁਧਿਆਣੇ ਵਿਚਲਾ ਕੂੜੇ ਦਾ ਡੰਪ ਕੁਤਬਮੀਨਾਰ ਦੀ ਉਚਾਈ ਤੇ ਹੈ। ਇਹ ਕੂੜਾ 50 ਏਕੜ ਤੋਂ ਵੱਧ ਰਕਬੇ ਵਿਚ ਇਕੱਠਾ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੇ ਅੰਤ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਬਲਰਾਜ ਸਿੰਘ ਡੇਰਾ ਬਾਬਾ ਜੈਨ ਸਿੰਘ, ਸਰਪੰਚ ਜੋਗਾ ਸਿੰਘ, ਸਰਪੰਚ ਤੀਰਥ ਸਿੰਘ, ਸਰਪੰਚ ਤਜਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ, ਮੋਹਨ ਲਾਲ ਸੂਦ ਸਾਬਕਾ ਚੇਅਰਮੈਨ, ਜਰਨੈਲ ਸਿੰਘ ਗੜਦੀਵਾਲ, ਪ੍ਰੋ, ਕੁਲਵਿੰਦਰ ਸਿੰਘ, ਪ੍ਰਿ. ਸਤਪਾਲ ਸਿੰਘ ਆਦਿ ਹਾਜ਼ਰ ਸਨ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਣ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਹਨਾਂ ਨੁੰ ਪਵਿੱਤਰ ਕਾਲੀ ਵੇਂਈ ਦਾ ਪਾਣੀ ਦਾ ਟੀ.ਡੀ.ਐਸ ਚੈਕ ਕਰਵਾਇਆ ਗਿਆ ਜਿਸਦਾ ਟੀ.ਡੀ.ਐਸ 106 ਨਿਕਲਿਆ। ਜਸਟਿਸ ਗੋਇਲ ਸਿੰਘ ਨੇ ਪਾਣੀ ਦਾ ਟੀ.ਡੀ.ਐਸ ਦੇਖਣ ਤੋਂ ਬਾਅਦ ਕਿਹਾ ਕਿ ਜਿਹਨਾਂ ਵੇਂਈ ਦੇ ਪਾਣੀ ਦਾ ਸੁਣਿਆ ਸੀ, ਉਸਤੋਂ ਕਿਤੇ ਜ਼ਿਆਦਾ ਸਾਫ ਹੈ ਵੇਂਈ ਦਾ ਪਾਣੀ। ਇਸ ਉਪਰੰਤ ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਕਿਸ਼ਤੀ ਰਾਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਪਵਿੱਤਰ ਵੇਈ ਦੇ ਦਰਸ਼ਨ ਕਰਵਾਏ। ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਪਵਿੱਤਰ ਕਾਲੀ ਵੇਂਈ ਕਿਨਾਰੇ ਬੂਟੇ ਵੀ ਲਗਾਏ ਗਏ।
ਸੀਚੇਵਾਲ ਮਾਡਲ 2 ਤੇ ਸੀਚੇਵਾਲ ਮਾਡਲ ਦਾ ਕੀਤਾ ਦੌਰਾ:- ਸੈਮੀਨਾਰ ਤੋਂ ਬਾਅਦ ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਪਿੰਡ ਸੀਚੇਵਾਲ ਵਿਖੇ ਬਣਾਏ ਸੀਚੇਵਾਲ ਮਾਡਲ ਤੇ ਤਲਵੰਡੀ ਮਾਧੋ ਵਿਖੇ ਬਣਾਏ ਗਏ ਸੀਚੇਵਾਲ ਮਾਡਲ 2 ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਹਨਾਂ ਦੱਸਿਆ ਕਿ ਸੀਚੇਵਾਲ ਮਾਡਲ ਵਿਚ ਸਿਰਫ ਪਾਣੀ ਸਾਫ ਕਰਕੇ ਖੇਤੀ ਨੂੰ ਲਗਾਇਆ ਜਾਂਦਾ ਹੈ ਜਦਕਿ ਸੀਚੇਵਾਲ ਮਾਡਲ 2 ਵਿਚ ਛੱਪੜ ਨੂੰ ਖੂਬਸੁਰਤ ਝੀਲ ਦਾ ਰੂਪ ਦਿੱਤਾ ਗਿਆ ਹੈ ਤੇ ਇਸਦੇ ਆਲੇ ਦੁਆਲੇ ਪਾਰਕਾਂ ਬਣਾਈਆਂ ਗਈ ਹਨ। ਇਸ ਉਪਰੰਤ ਉਹਨਾਂ ਵੱਲੋਂ ਨਰਸਰੀਆਂ ਦਾ ਦੌਰਾ ਵੀ ਕੀਤਾ ਗਿਆ ਤੇ ਬੂਟੇ ਲਗਾਏ ਗਏ।