ਸੁਲਤਾਨਪੁਰ ਲੋਧੀ –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਪਵਿੱਤਰ ਕਾਲੀ ਵੇਂਈ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਕੀਰਤਨੀ ਜੱਥਿਆਂ ਅਤੇ ਕਵੀਆਂ ਨੇ ਬਾਬੇ ਨਾਨਕ ਦੇ ਗੁਣਗਾਣ ਕੀਤੇ। ਕੀਰਤਨ ਦਰਬਾਰ ਦੌਰਾਨ ਰਾਗੀ ਜੱਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਜਿਹਨਾਂ ਵਿਚ ਭਾਈ ਅਮੀਰ ਸਿੰਘ, ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਅਤੇ ਕਾਲਜ ਦੇ ਬੱਚਿਆਂ ਵੱਲੋਂ ਅਤੇ ਭਾਈ ਤਜਿੰਦਰ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਕਵੀਆਂ ਵਿਚ ਡਾ. ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ ਅਤੇ ਸੰਤ ਸੁਖਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀਆਂ ਨੇ ਜਿੱਥ ੇ ਬਾਬੇ ਨਾਨਕ ਦੇ ਗੁਣਗਾਣ ਕੀਤੇ ੳੇੁੱਥੇ ਉਹਨਾਂ ਨੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵੀ ਕੇਂਦਰ ਬਿੰਦੂ ਵਜੋਂ ਉਭਾਰਿਆ।
ਕਵੀਆਂ ਅਤੇ ਕੀਰਤਨੀ ਜੱਥਿਆਂ ਦਾ ਸਨਮਾਨ ਕਰਦਿਆਂ ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਤੇ ਡੂੰਘੀ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਹਵਾ ਦੀ ਗੁਣਵੱਤਾ 50 ਦੇ ਕਰੀਬ ਸਾਹ ਲੈਣ ਯੋਗ ਹੁੰਦੀ ਹੈ ਜਦਕਿ ਅੱਜ ਹਵਾ ਦੀ ਗੁਣਵੱਤਾ 450 ਮਾਪੀ ਗਈ ਹੈ। ਪੰਜਾਬ ਇਸ ਸਮੇਂ ਪਰਾਲੀ ਦੇ ਧੂੰਅੇ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਧੂੰਏ ਕਾਰਨ ਫੇਫੜਿਆਂ ਅਤੇ ਅੱਖਾਂ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਤੇ ਖਾਸ ਕਰਕੇ ਇਹ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਇੰਗਲੈਂਡ ਤੋਂ ਆਏ ਸੰਤ ਭੁਪਿੰਦਰ ਸਿੰਘ ਦਾ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਨਗਰ ਕੀਰਤਨ ਮਿਤੀ 08 ਨਵੰਬਰ 2022 ਨੂੰ ਸਵੇਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਵੇਗਾ ਅਤੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ।