ਕੁਲਤਾਰ ਸਿੰਘ ਸੰਧਵਾਂ ਤੇ ਡਾ. ਜ਼ਿਗੋਵਾ ਵੱਲੋਂ ਵੱਖ ਵੱਖ ਖੇਤਰਾਂ ’ਚ ਆਪਸੀ ਸਬੰਧ ਮਜ਼ਬੂਤ ਬਨਾਉਣ ’ਤੇ ਜ਼ੋਰ

ਚੰਡੀਗੜ, 4 ਨਵੰਬਰ:ਭਾਰਤ ਵਿੱਚ ਚੈਕ ਰਿਪਬਲਿਕ ਦੀ ਅੰਬੈਸਡਰ ਡਾ. ਏਲਿਸਕਾ ਜ਼ਿਗੋਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਦੋਵਾਂ ਨੇ ਪੰਜਾਬ ਅਤੇ ਚੈਕ ਰਿਪਬਲਿਕ ਵਿੱਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਨਾਉਣ ’ਤੇ ਜ਼ੋਰ ਦਿੱਤਾ।

ਪੰਜਾਬ ਵਿਧਾਨ ਸਭਾ ਵਿੱਚ ਹੋਈ ਮੁਲਾਕਾਤ ਦੌਰਾਨ ਸ੍ਰੀ ਸੰਧਵਾਂ ਨੇ ਪੰਜਾਬ ਦੇ ਹਰੇ ਇਨਕਲਾਬ ’ਚ ਚੈਕੋਸਲਵਾਕੀਆ ਵੱਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਉਨਾਂ ਨੇ ਪੰਜਾਬ ਅਤੇ ਚੈਕ ਰਿਪਬਲਿਕ ਵਿਚਕਾਰ ਖੇਤੀ ਖੇਤਰ ਵਿੱਚ ਵਧੇਰੇ ਆਦਾਨ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਚੈਕ ਰਿਪਬਲਿਕ ਵਿੱਚ ਸਰਦੀਆਂ ਦੀ ਕਣਕ, ਸਰਦੀਆਂ ਦੇ ਜੌਂ, ਬਸੰਤ ਰੁੱਤ ਦੇ ਜੌਂ, ਆਲੂ, ਮੱਕੀ ਅਤੇ ਫਲਾਂ ਦੀ ਕਾਸ਼ਤ ਵਧੇਰੇ ਹੁੰਦੀ ਹੈ। ਇਹ ਕਾਸ਼ਤ ਪੰਜਾਬ ਨਾਲ ਮਿਲਦੀ ਜੁਲਦੀ ਹੈ ਜਿਸ ਕਰਕੇ ਦੋਵੇ ਆਪਸੀ ਗਿਆਨ ਅਤੇ ਤਕਨੋਲੋਜੀ ਦੇ ਆਦਾਨ ਪ੍ਰਦਾਨ ਦਾ ਫਾਇਦਾ ਉਠਾ ਸਕਦੇ ਹਨ। ਸ. ਸੰਧਵਾਂ ਨੇ ਪੰਜਾਬ ਅਤੇ ਚੈਕ ਰਿਪਬਲਿਕ ਵਿਚਕਾਰ ਉਦਯੋਗ ਖੇਤਰ ਵਿੱਚ ਵੀ ਸਹਿਯੋਗ ’ਤੇ ਵੀ ਜ਼ੋਰ ਦਿੱਤਾ। ਚੈਕ ਰਿਪਬਲਿਕ ਨੂੰ ਕਾਰ ਉਦਯੋਗ, ਹਵਾਬਾਜੀ, ਇੰਜੀਨੀਅਰਿੰਗ, ਵਾਤਾਵਰਣ ਤਕਨਾਲੋਜੀ, ਮੈਡੀਕਲ ਉਪਕਰਨਾਂ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ, ਕੈਮੀਕਲ ਅਤੇ ਫਾਰਮਾਸਿਊਟੀਕਲ ਉਦਯੋਗ ਵਿੱਚ ਵਿਸ਼ੇਸ਼ ਸਥਾਨ ਹਾਸਲ ਹੈ। ਸ. ਸੰਧਵਾਂ ਨੇ ਚੈਕ ਰਿਪਬਲਿਕ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਡਾ. ਜ਼ਿਗੋਵਾ ਨੂੰ ਭੂਮਿਕਾ ਨਿਭਾਉਣ ਲਈ ਆਖਿਆ।

ਇਸ ਦੌਰਾਨ ਸ. ਸੰਧਵਾਂ ਨੇ ਕਲਾ, ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਦੇਵਾਂ ਦੇਸ਼ਾਂ ਵਿੱਚ ਆਦਾਨ-ਪ੍ਰਦਾਨ ਵਾਧਾਉਣ ਤੋਂ ਇਲਾਵਾ ਪੰਜਾਬ ਅਤੇ ਚੈਕ ਰਿਪਬਲਿਕ ਦੇ ਵਿਧਾਇਕਾਂ ਵੱਲੋਂ ਇੱਕ ਦੂਜੇ ਦੇਸ਼ਾਂ ਦਾ ਦੌਰਾ ਕਰਨ ਦਾ ਵੀ ਸੁਝਾਅ ਦਿੱਤਾ ਜਿਸ ’ਤੇ ਡਾ. ਜ਼ਿਗੋਵਾ ਨੇ ਸਹਿਮਤੀ ਜਿਤਾਈ।

ਵਿਚਾਰ-ਚਰਚਾ ਦੌਰਾਨ ਡਾ. ਜ਼ਿਗੋਵਾ ਨੇ ਨੇ ਚੈਕ ਰਿਪਬਲਿਕ ਅਤੇ ਭਾਰਤ ਵਿੱਚਕਾਰ ਇਤਿਹਾਸ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਨੂੰ ਦਿੱਤੇ ਗਏ ਸਹਿਯੋਗ ਦੀ ਯਾਦ ਤਾਜ਼ਾ ਕੀਤੀ। ਉਨਾਂ ਕਿਹਾ ਕਿ ਚੈਕ ਰਿਪਬਲਿਕ ਅਤੇ ਪੰਜਾਬ ਵੱਲੋਂ ਆਪਸੀ ਸਹਿਯੋਗ ਵਧਾਉਣ ਨਾਲ ਦੋਵਾਂ ਨੂੰ ਭਰਪੂਰ ਫਾਇਦਾ ਹੋਵੇਗਾ ਕਿਉਕਿ ਦੋਵਾਂ ਹਾਲਤਾਂ ਵਿੱਚ ਕਾਫੀ ਸਮਾਨਤਾਵਾਂ ਹਨ। ਉਨਾਂ ਨੇ ਪੰਜਾਬ ਦੇ ਜੁਝਾਰੂ ਸਭਾਅ ਦੀ ਵੀ ਸਰਾਹਨਾ ਕੀਤੀ।ਇਸ ਦੌਰਾਨ ਸੰਧਵਾਂ ਨੇ ਡਾ. ਜ਼ਿਗੋਵਾ ਨੂੰ ਇੱਕ ਸ਼ਾਲ ਅਤੇ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ।

Leave a Reply

Your email address will not be published. Required fields are marked *