ਸੁਲਤਾਨਪੁਰ ਲੋਧੀ / ਕਪੂਰਥਲਾ –
ਸ੍ਰੀ ਗੁਰੁ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕਰਦਿਆਂ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਹਰੀ ਦੀਵਾਲੀ ਮਨਾਉਣ ਦੇ ਸੱਦਾ ਦਿੱਤਾ। ਨਿਰਮਲ ਕੁਟੀਆ ਤੋਂ ਸ਼ੁਰੂ ਕੀਤੀ ਪਹਿਲੀ ਪ੍ਰਭਾਤ ਫੇਰੀ ਦੌਰਾਨ ਸੰਗਤਾਂ ਨੇ ਪਿੰਡ ਸੀਚੇਵਾਲ ਦੀ ਪਰਿਕਰਮਾ ਕੀਤੀ। ਸ੍ਰੀ ਗੁਰੁ ਨਾਨਕ ਦੇਵ ਜੀ ਦੀ ਬਾਣੀ ਤੇ ਉਹਨਾਂ ਦੇ ਜੀਵਨ ਬਾਰੇ ਸ਼ਬਦ ਗਾਇਣ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰਬਾਣੀ ਮਨੱੁਖ ਨੂੰ ਕੁਦਰਤ ਨਾਲ ਸਾਂਝ ਪਾ ਕੇ ਰੱਖਣ ਦਾ ਹੋਕਾ ਦਿੰਦੀ ਹੈ। ਆਲਮੀ ਪੱਧਰ ਤੇ ਵਾਤਾਵਰਣ ਦਾ ਜੋ ਸੰਕਟ ਖੜਾ ਹੋਇਆ ਹੈ ਉਸਦਾ ਵੱਡਾ ਕਾਰਨ ਮਨੱੁਖ ਦੀ ਕੁਦਰਤ ਨਾਲੋਂ ਸਾਂਝ ਟੁੱਟਣਾ ਹੈ। ਸੰਤ ਸੀਚੇਵਾਲ ਨੇ ਦੀਵਾਲੀ ਨੂੰ ਪਟਾਕਿਆਂ ਦੀ ਥਾਂ ਰੋਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣ ਦਾ ਹੋਕਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੀ ਆਬੋ ਹਵਾ ਇਹਨਾਂ ਦਿਨਾਂ ਵਿਚ ਬਹੁਤ ਗੰਧਲੀ ਹੋ ਜਾਂਦੀ ਹੈ ਜਦੋਂ ਵੱਡੀ ਪੱਧਰ ਤੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚੋਂ ਫੈਕਟਰੀਆਂ ਦਾ ਧੂੰਆਂ ਵੀ ਸਾਰਾ ਸਾਲ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਦਾ ਹੈ।
ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਾਨੂੰ ਅੰਮ੍ਰਿਤ ਵੇਲੇ ਉੱਠ ਭਜਨ ਬੰਦਗੀ ਕਰ ਆਪਣਾ ਜੀਵਨ ਲੇਖੇ ਲਾਉਣਾ ਚਾਹੀਦਾ। ਉਹਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਉਹਨਾਂ ਵੱਲੋਂ ਦਿੱਤੇ ਸਰਬੱਤ ਦੇ ਭਲੇ ਦੇ ਸੁਨੇਹੇ ਉਪਰ ਪਹਿਰਾ ਦਿੰਦਿਆਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਕੁਦਰਤ ਨਾਲ ਸਾਂਝ ਪਾਉਣੀ ਚਾਹੀਦੀ ਹੈ।
553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੇ ਵੇਰਵਾ ਦਿੰਦਿਆ ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ 4 ਨਗਰ ਕੀਰਤਨ ਸਜਾਏ ਜਾਣਗੇ। 13 ਨਵੰਬਰ ਨੂੰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਣ ਦੇ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿਚ ਐਨ.ਜੀ.ਟੀ ਦੇ ਚੇਅਰਮੈਨ ਸ੍ਰੀ ਆਦਰਸ਼ ਗੋਇਲ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਹੋਣਗੀਆਂ। ਦੀਵਾਲੀ ਅਤੇ ਗੁਰਪੁਰਬ ਦੌਰਾਨ ਸੰਗਤਾਂ ਵੱਲੋਂ ਸ਼ਾਮ ਨੂੰ ਪਵਿੱਤਰ ਕਾਲੀ ਵੇਈਂ ਕਿਨਾਰੇ ਦੀਪਮਾਲਾ ਕੀਤੀ ਜਾਵੇਗੀ।