Punjab News: ਕੁਵੈਤ ਭੇਜਣ ਦੀ ਆਖ ਕੇ ਇਰਾਕ ਵਿੱਚ ਫਸਾਏ ਦੋ ਪੰਜਾਬੀਆਂ ਦੀ ਘਰ ਵਾਪਸੀ

ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਲੈ ਰਹੀਆਂ। ਆਏ ਦਿਨ ਉਨ੍ਹਾਂ ਤੇ ਦੁੱਖਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ।

ਜਲੰਧਰ ਜ਼ਿਲ੍ਹੇ ਦੇ ਪੱਤੜ ਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਘਰ ਦੀ ਗ਼ਰੀਬੀ ਖਤਮ ਕਰਨ ਲਈ ਕਰਜ਼ਾ ਚੁੱਕ ਕਿ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਕੁਵੈਤ ਦੀ ਥਾਂ ਇਰਾਕ ਵਿੱਚ ਲਿਜਾ ਕਿ ਫਸਾ ਦਿੱਤਾ ਗਿਆ, ਜਿੱਥੇ ਲਿਜਾ ਕਿ ਕੰਪਨੀ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਭੁੱਖੇ-ਪਿਆਸੇ ਰੱਖਿਆ।

ਉਨ੍ਹਾਂ ਦੱਸਿਆ ਕਿ ਇਰਾਕ ਵਿੱਚ ਉਨ੍ਹਾਂ ਦਾ ਇੱਕ ਦਿਨ ਕੱਟਣਾ ਵੀ ਇੱਕ ਸਾਲ ਕੱਟਣ ਦੇ ਬਰਾਬਰ ਸੀ। ਉਨ੍ਹਾਂ ਕਿਹਾ ਕਿ ਜੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਨ੍ਹਾਂ ਲਈ ਉਸ ਕੰਪਨੀ ਦੇ ਜਾਲ ਵਿੱਚੋਂ ਨਿਕਲਣਾ ਨਾ-ਮੁਮਕਿਨ ਸੀ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਪਰਿਵਾਰਾਂ ਸਮੇਤ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਦੱਸਿਆ ਕਿ ਉਨ੍ਹਾਂ ਕਰਜ਼ਾ ਚੁੱਕ ਕੇ ਕੁਵੈਤ ਜਾਣ ਲਈ ਟਰਵੈਲ ਏਜੰਟਾਂ ਨੂੰ 1 ਲੱਖ 85 ਹਜ਼ਾਰ ਰੁਪਏ ਦਿੱਤੇ ਸੀ, ਜਿਸਦਾ ਵਿਆਜ ਮੋੜਨਾ ਵੀ ਹੁਣ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਰਾਕ ਵਿੱਚ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਨਖਾਹ ਨਹੀ ਸੀ ਦਿੱਤੀ ਜਾਂਦੀ ਤੇ ਨਾ ਹੀ ਇਲਾਜ ਕਰਵਾਇਆ ਜਾਂਦਾ ਸੀ ਤੇ ਨਾ ਹੀ ਦੋ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ।

ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਕਿਹਾ ਕਿ ਸੰਤ ਸੀਚੇਵਾਲ ਸਦਕਾ ਉਨ੍ਹਾਂ ਦੀ ਘਰ ਵਾਪਸੀ ਸੰਭਵ ਹੋਈ ਹੈ। ਗੁਰਪ੍ਰੀਤ ਤੇ ਸੋਡੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਾਸ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਨ੍ਹਾਂ ਦੇ ਮੈਂਬਰ ਵਾਪਿਸ ਆ ਗਏ। ਉਨ੍ਹਾਂ ਇਸ ਗੱਲ ਦਾ ਵੀ ਉਚੇਚਾ ਖੁਲਾਸਾ ਕੀਤਾ ਕਿ ਗਰੀਬੀ ਤੇ ਬਹੁਤੀ ਪਹੁੰਚ ਨਾ ਹੋਣ ਕਾਰਨ ਉਨ੍ਹਾਂ ਦੀ ਕਿਧਰੇ ਵੀ ਕੋਈ ਗੱਲ ਨਹੀ ਸੀ ਸੁਣ ਰਿਹਾ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਇਹ ਭਾਰਤੀ ਮਹਿਜ਼ 14 ਦਿਨਾਂ ਵਿੱਚ ਵਾਪਿਸ ਪਰਤ ਆਏ ਹਨ।

Leave a Reply

Your email address will not be published. Required fields are marked *