ਕੇਂਦਰ ਸਰਕਾਰ ਨੇ ਅੱਜ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ 110 ਰੁਪਏ ਦਾ ਵਾਧਾ ਕਰ ਦਿੱਤਾ ਹੈ ਤੇ ਭਾਅ ਹੁਣ 2,125 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ 400 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਹ ਹੁਣ 5,450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾਵੇਗੀ। ਹਾੜ੍ਹੀ ਦੀਆਂ ਛੇ ਫ਼ਸਲਾਂ ਦੀ ਐਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਵਧਾਉਣ ਬਾਰੇ ਫ਼ੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਦੱਸਣਯੋਗ ਹੈ ਕਿ ਸਰਕਾਰ ਹਾੜ੍ਹੀ ਤੇ ਸਾਉਣੀ ਦੀਆਂ 23 ਫ਼ਸਲਾਂ ਲਈ ਐਮਐੱਸਪੀ ਤੈਅ ਕਰ ਰਹੀ ਹੈ। ਕਣਕ ਤੇ ਸਰ੍ਹੋਂ ਹਾੜ੍ਹੀ ਦੀਆਂ ਵੱਡੀਆਂ ਫ਼ਸਲਾਂ ਹਨ। ਐਮਐੱਸਪੀ ਵਿਚ ਵਾਧਾ 2022-23 ਦੇ ਫ਼ਸਲੀ ਵਰ੍ਹੇ ਤੇ 2023-24 ਦੇ ਮੰਡੀਕਰਨ ਸਾਲ ਲਈ ਕੀਤਾ ਗਿਆ ਹੈ। ਐਮਐੱਸਪੀ ਵਿਚ ਸਭ ਤੋਂ ਜ਼ਿਆਦਾ ਵਾਧਾ ਮਸਰਾਂ ਦੀ ਦਾਲ ਲਈ ਕੀਤਾ ਗਿਆ ਹੈ ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਣਕ ਲਈ 2,015 ਰੁਪਏ ਪ੍ਰਤੀ ਕੁਇੰਟਲ ਐਮਐੱਸਪੀ ਦਿੱਤਾ ਜਾ ਰਿਹਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕਣਕ ਉਤਪਾਦਨ ਉਤੇ ਅੰਦਾਜ਼ਨ ਪ੍ਰਤੀ ਕੁਇੰਟਲ 1065 ਰੁਪਏ ਖ਼ਰਚ ਆ ਰਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕਣਕ ਤੇ ਸਰ੍ਹੋਂ ਉਤਪਾਦਨ ਉਤੇ ਆਉਂਦੇ ਖ਼ਰਚ ਦੇ ਕੇਸ ਵਿਚ 100 ਪ੍ਰਤੀਸ਼ਤ ਲਾਭ ਵਾਪਸ ਮਿਲੇ। ਜਦਕਿ ਦੂਜੀਆਂ ਹਾੜ੍ਹੀ ਦੀਆਂ ਫ਼ਸਲਾਂ ਦੇ ਉਤਪਾਦਨ ਖ਼ਰਚ ’ਤੇ 50 ਤੋਂ 85 ਪ੍ਰਤੀਸ਼ਤ ਤੱਕ ਲਾਭ ਮੋੜਨਾ ਯਕੀਨੀ ਬਣਾਇਆ ਗਿਆ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਵੱਲੋਂ ਮਹਿੰਗਾਈ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਨਾਲ ਮਹਿੰਗਾਈ ਨਹੀਂ ਵਧੇਗੀ ਤੇ ਭਾਰਤ ਵਿਚ ਦੂਜੇ ਮੁਲਕਾਂ ਦੇ ਮੁਕਾਬਲੇ ਮਹਿੰਗਾਈ ਪਹਿਲਾਂ ਹੀ ਕਾਬੂ ਹੇਠ ਹੈ। ਜੌਂ ਲਈ ਸਮਰਥਨ ਮੁੱਲ ਵਿਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਹ ਹੁਣ 1,735 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਪਿਛਲੇ ਸਾਲ ਇਹ 1635 ਰੁਪਏ ਸੀ। ਦਾਲਾਂ ਵਿਚ ਛੋਲਿਆਂ ਦੀ ਫ਼ਸਲ ਉਤੇ ਹੁਣ 5335 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਦਿੱਤਾ ਜਾਵੇਗਾ। ਇਸ ਵਿਚ 105 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਸਰਾਂ ਦੀ ਦਾਲ ’ਤੇ 500 ਰੁਪਏ ਦੇ ਵਾਧੇ ਨਾਲ ਹੁਣ ਛੇ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ। ਜ਼ਿਕਰਯੋਗ ਹੈ ਕਿ 2014-15 ਤੋਂ ਤੇਲ ਬੀਜਾਂ ਤੇ ਦਾਲਾਂ ਦਾ ਉਤਪਾਦਨ ਵਧਾਉਣ ਉਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।-ਪੀਟੀਆਈ
Related Posts
ਝਾਰਖੰਡ ਹਾਈ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ’ਚ ਹੇਮੰਤ ਸੋਰੇਨ ਦੀ ਜ਼ਮਾਨਤ ਮਨਜ਼ੂਰ
ਰਾਂਚੀ, ਝਾਰਖੰਡ ਹਾਈ ਕੋਰਟ ਨੇ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ…
T20 Asia Cup 2025: ਭਾਰਤ ਨੂੰ ਮਿਲੀ ਏਸ਼ੀਆ ਕੱਪ ਦੀ ਮੇਜ਼ਬਾਨੀ, ਟੀ-20 ਫਾਰਮੈਟ ‘ਚ ਹੋਣਗੇ ਮੁਕਾਬਲੇ
ਨਵੀਂ ਦਿੱਲੀ T20 Asia Cup 2025। 2025 ‘ਚ ਹੋਣ ਵਾਲੇ ਟੀ-20 ਏਸ਼ੀਆ ਕੱਪ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ।…
ਇਨਕਮ ਟੈਕਸ ਵਿਭਾਗ ਮਹਾਰਾਸ਼ਟਰ ਨੇ ਛਾਪੇ ਦੌਰਾਨ 224 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ
ਨਵੀਂ ਦਿੱਲੀ, 20 ਮਾਰਚ ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਪੁਣੇ ਅਤੇ ਠਾਣੇ ਦੇ ਯੂਨੀਕੋਰਨ ਸਟਾਰਟਅੱਪ ਗਰੁੱਪ…