ਅੰਮ੍ਰਿਤਸਰ, 11 ਅਕਤੁਬਰ- ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਵਲੋਂ ਸੰਗਤਾ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਉਪ੍ਰੰਤ ਹੁਕਮਨਾਮੇ ਦੀ ਕਥਾ ਗਿਆਨੀ ਪਿੰਦਰਪਾਲ ਸਿੰਘ ਨੇ ਸਰਵਨ ਕਰਾਈਂ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਸਵੇਰ ਤੋਂ ਦੁਪਹਿਰ ਤੱਕ ਜਲੌਅ ਸਜਾਏ ਗਏ ਹਨ|
ਜਿਸ ਦੌਰਾਨ ਗੁਰੂ ਘਰ ਦੀਆਂ ਇਤਿਹਾਸਕ ਤੇ ਬੇਸ਼ਕੀਮਤੀ ਵਸਤਾਂ ਦੇ ਸੰਗਤਾ ਦਰਸ਼ਨ ਕਰ ਰਹੀਆਂ ਹਨ। ਅੱਜ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜ ਰਹੇ ਹਨ। ਰਾਤ ਨੂੰ ਦੀਪਮਾਲਾ ਹੋਵੇਗੀ ਤੇ ਸ੍ਰੀ ਰਹਿਰਾਸ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ।