ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 83 ਸਾਲ ਦੇ ਸਨ। ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਹਸਪਤਾਲ ‘ਚ ਦਾਖ਼ਲ ਸਨ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ।
ਸ਼੍ਰੀ ਯਾਦਵ ਦੇ ਬੇਟੇ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ,”ਮੇਰੇ ਆਦਰਨੀਯ ਪਿਤਾ ਜੀ ਅਤੇ ਸਾਰਿਆਂ ਦੇ ਨੇਤਾ ਜੀ ਨਹੀਂ ਰਹੇ- ਸ਼੍ਰੀ ਅਖਿਲੇਸ਼ ਯਾਦਵ।” ਕੇਂਦਰ ਸਰਕਾਰ ‘ਚ ਰੱਖਿਆ ਮੰਤਰੀ ਰਹਿ ਚੁੱਕੇ ਸ਼੍ਰੀ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫਈ ‘ਚ ਹੋਇਆ ਸੀ। ਉਹ ਇਸ ਸਮੇਂ ਮੈਨਪੁਰੀ ਤੋਂ ਸੰਸਦ ਮੈਂਬਰ ਸਨ।