ਚੰਡੀਗੜ੍ਹ, 9 ਅਕਤੂਬਰ –ਹਿੰਦੂ ਰਾਸ਼ਟਰਵਾਦੀ ਸਿਆਸਤ ਅਤੇ ਫਾਂਸੀਵਾਦ ਰੁਝਾਨਾਂ ਨੂੰ ਆਉਂਦੇ ਸਾਲ ਵਿੱਚ ਹਰਾਉਣ ਲਈ ਫੈਂਡਰਲ ਸਿਆਸਤ ਨੂੰ ਉਭਾਰਨ ਦੀ ਜ਼ਰੂਰਤ ਹੈ। ਕਿਸਾਨ ਲੀਡਰ ਡਾ. ਦਰਸ਼ਨਪਾਲ ਦੇ ਇਸ ਮਤੇ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਕੈਂਪਸ ਵਿੱਚ ਇਕੱਠੇ ਹੋਏ ਕਿਸਾਨ ਲੀਡਰਾਂ, ਜਮਹੂਰੀ ਕਾਰਕੁੰਨਾਂ ਅਤੇ ਸਿੱਖ ਚਿੰਤਕਾਂ ਦੇ ਇੱਕਠ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕੀਤਾ। “ਬਹੁ-ਪੱਖੀ ਸੰਕਟ ਅਤੇ ਆਰਥਕ ਮੰਦਵਾੜੇ ਵਿੱਚ ਫਸੇ ਪੰਜਾਬ ਨੂੰ ਬੰਦ ਖਲਾਸੀ ਅਤੇ ਪੁਨਰ ਸਿਰਜਨਾ ਵਾਲੀਆਂ ਲੀਹਾਂ ਉੱਤੇ ਤੋਰਨ ਲਈ ਸਿਆਸਤ ਨੂੰ ਮੁੱਦਿਆਂ ਉੱਤੇ ਕੇਂਦਰਤ ਕਰੋ ਅਤੇ ਸਮਾਜ ਵਿੱਚ ਵੰਡਾਂ ਪਾਉਣ ਵਾਲੇ ਭਾਵਨਾਤਮਿਕ ਨਾਹਰਿਆਂ ਨੂੰ ਪਛਾੜੋ।” ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਕਿਹਾ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਇਕ ਸਾਲ ਤੋਂ ਵੱਧ ਸਮੇਂ ਲਈ ਲੜੇ ਕਾਮਯਾਬ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ, ਕਿ ਜਮਹੂਰੀ ਅਤੇ ਸ਼ਾਂਤਮਈ ਜਦੋ-ਜਹਿਦ ਨੇ ਅੜੀਅਲ ਤਾਕਤਵਰ ਹਾਕਮਾਂ ਨੂੰ ਵੀ ਝੁਕਾ ਦਿੱਤਾ ਹੈ।
“ਪੰਜਾਬ ਦੇ ਬਹੁਮੁੱਖੀ ਸੰਕਟ” ਉੱਤੇ ਹੋਈ ਗੋਸ਼ਟੀ ਵਿੱਚ ਬੋਲਦਿਆਂ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅਫਸੋਸ ਹੈ ਕਿ ਪੰਜਾਬ ਦੇ ਨੌਜਵਾਨ ਵਰਗ ਦਾ ਇਕ ਹਿੱਸਾ, ਜਿਸਨੇ ਕਿਸਾਨ ਅੰਦੋਲਨ ਨੂੰ ਤੋੜਨ ਲਈ ਖੌਰੂ ਪਾਊ ਤੇ ਭੜਕਾਊ ਰੋਲ ਨਿਭਾਇਆ ਸੀ, ਪੁਰਾਣੇ ਤਜ਼ਰਬੇ ਤੋਂ ਕੁਝ ਨਹੀਂ ਸਿੱਖਿਆ ਸਗੋਂ ਹੁਣ ਫਿਰ ਗਰਮ ਨਾਹਰਿਆਂ ਦੀ ਸਿਆਸਤ ਰਾਹੀ, ਸਮਾਜ ਵਿੱਚ ਭੜਕਾਹਟ ਪੈਂਦਾ ਕਰਕੇ ਵੰਡੀਆ ਪਾ ਰਹੇ ਹਨ। ਉਹਨਾਂ ਦੀ ਮੌਕਾ-ਪ੍ਰਸਤ ਸਿਆਸਤ, ਹਿੰਦੂਤਵੀ ਰਾਜਨੀਤੀ ਦੇ ਹੱਕ ਵਿੱਚ ਹੀ ਭੁਗਤ ਰਹੀ ਤੇ ਅੰਤ ਵਿੱਚ ਭੁਗਤੇਗਾ। ਆਜ਼ਾਦੀ ਤੋਂ ਬਾਅਦ ਕਾਂਗਰਸ ਅਤੇ ਮੌਜੂਦਾ ਸਮਿਆਂ ਵਿੱਚ ਭਾਜਪਾ ਲੋਕਾਂ ਨੂੰ ਫਿਰਕਿਆਂ ਵਿੱਚ ਵੰਡਣ ਵਾਲੀ ਸਿਆਸਤ ਪੰਜਾਬੀਆਂ ਦੇ ਮੋਢਿਆਂ ਉੱਤੇ ਲੱਦ ਦੀ ਆ ਰਹੀ ਹੈ। ਅਜਿਹੀ ਸਿਆਸਤ ਦੇ ਆਸਰੇ ਹਾਕਮਾਂ ਨੇ ਪੰਜਾਬ ਤੇ ਮੁਲਕ ਅੰਦਰ ਹਜ਼ਾਰਾਂ ਬੇਦੋਸ਼ਿਆਂ ਦਾ ਖੂਨ ਬਹਾਇਆ ਗਿਆ ਹੈ। ਉਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਸਰਕਾਰੀ ਅੱਤਵਾਦ ਦੀ ਪੀੜ ਅਜੇ ਮੱਠੀ ਨਹੀਂ ਪਈ, ਜ਼ਖਮ ਅਜੇ ਅੱਲੇ ਹਨ, ਪੰਜਾਬ ਵਿੱਚ ਫਿਰ ਦੁਆਰਾ, ਬੰਦੂਕ ਦੀ ਸਿਆਸਤ ਦਾ ਬਾਨਨੂੰ ਬੰਨਿਆ ਜਾ ਰਿਹਾ ਹੈ। ‘ਆਜ਼ਾਦੀ’ ਦੇ ਝੂਠੇ ਦਮਗਜ਼ਿਆਂ ਵਿੱਚ ਲਪੇਟੀ ਸੁਪਨਸ਼ਾਜੀ ਸਿਆਸਤ ਰਾਹੀ ਪੰਜਾਬ ਵਿੱਚ ਜ਼ਹਾਦ ਦਾ ਮਾਹੌਲ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅੰਦਰ ਸਵੈਰਾਜ ਦੀ ਪ੍ਰਬਲ ਚੇਤਨਤਾ ਅਤੇ ਰਣਜੀਤ ਸਿੰਘ ਦੇ ਖਾਲਸਾ ਰਾਜ ਵਾਲੀ ਆਜ਼ਾਦ ਮਾਨਸਿਕਤਾਂ ਨੂੰ ਕੁਚਲਣ ਲਈ ਪਹਿਲਾਂ ਅੰਗਰੇਜ਼ਾਂ ਨੇ ਅਤੇ ਬਾਅਦ ਵਿੱਚ ਦੇਸ਼ੀ ਹਾਕਮਾਂ ਨੇ ਸਿੱਖਾਂ ਨੂੰ ਹਮੇਸ਼ਾ ਹਥਿਆਰਬੰਦ ਟੱਕਰ ਦੇ ਰਾਹ ਪਾਇਆ। ਜਦੋ ਕਿ 1920 ਵਾਲੀ ਗੁਰਦੁਆਰਾ ਸੁਧਾਰ ਲਹਿਰ ਵੀ ਮੌਜੂਦਾ ਕਿਸਾਨ ਅੰਦੋਲਨ ਵਾਂਗ ਸ਼ਾਂਤਮਈ ਸੀ ਅਤੇ ਜੇਤੂ ਹੋਕੇ ਨਿਕਲੀ ਸੀ। ਅੱਜ ਦੀ ਮੌਜੂਦਾ ਦੌਰ ਦੀ ਸਿਆਸਤ ਨੂੰ ਸਮਝਣ ਅਤੇ ਟੱਕਰ ਲੈਣ ਲਈ 18 ਵੀਂ ਸਦੀ ਦੀਆਂ ਰਣਨੀਤੀਆਂ ਉੱਤੇ ਟੇਕ ਰੱਖਣ ਦੀ ਬਜਾਏ ਸੋਚ-ਸਮਝ ਨੂੰ ਮਜ਼ਬੂਤ ਕਰਨ ਅਤੇ ਸੰਵਾਦ ਰਚਾਉਣ ਦੀ ਵੱਡੀ ਜ਼ਰੂਰਤ ਹੈ।
ਭਗਵੰਤ ਮਾਨ ਦੀ ਸਰਕਾਰ ਬਾਰੇ ਬੋਲਦਿਆਂ, ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਇਹ ਇੱਕ ਥੋੜ ਚਿਰਾ ਭਲੇਖਾ ਪਾਊ ਸਿਆਸੀ ਵਰਤਾਰਾ ਹੈ ਜਿਹੜਾ ਰਵਾਇਤੀ ਪਾਰਟੀਆਂ ਦੀ ਲੋਕ ਵਿਰੋਧੀ ਸਿਆਸਤ ਪ੍ਰਤੀ ਪੰਜਾਬੀਆਂ ਦੀ ਸ਼ਖਤ ਨਫ਼ਰਤ ਦੇ ਪ੍ਰਤੀਕਰਮ ਵੱਜੋਂ ਉਭਰੀ ਸੀ। ਇਸ ਤਬਦੀਲੀ ਦੇ ਦੌਰ ਵਾਲੇ ਸਮੇਂ ਨੂੰ ਪੰਜਾਬ ਵਿੱਚ ਜਮਹੂਰੀਅਤ, ਫੈਂਡਰਲ ਅਤੇ ਲੋਕ ਪੱਖੀ ਸਿਆਸਤ ਨੂੰ ਉਭਾਰਣ ਲਈ ਵਰਤਣਾ ਚਾਹੀਦਾ ਹੈ।
ਬਹੁਤੇ ਬੁਲਾਰਿਆਂ ਨੇ ਕਿਹਾ ਕਿ ਇਤਿਹਾਸ ਤੋਂ ਸਬਕ ਲੈਂਦਿਆ, ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਖੇਤਰੀ ਜਮਹੂਰੀ ਤਾਕਤਾਂ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਗਰਮ ਨਾਹਰਿਆਂ ਦੀ ਸਿਆਸਤ ਨੂੰ ਪਹਿਚਾਨਣ ਤੇ ਮੂੰਹ ਨਾ ਲਾਉਣ।
ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਰਾਜਵਿੰਦਰ ਸਿੰਘ ਰਾਹੀ, ਜਸਪਾਲ ਸਿੰਘ ਸਿੱਧੂ, ਅੰਬੇਦਕਰ ਸਟੁਡੈਂਟ ਜਥੇਬੰਦੀ ਦੇ ਲੀਡਰ ਗੁਰਦੀਪ ਸਿੰਘ, ਰੀਟਾਇਰਡ ਆਈ.ਏ.ਐੱਸ ਡਾ. ਸਵਰਨ ਸਿੰਘ, ਵਰਿੰਦਰਜੀਤ ਸਿੰਘ ਗੁਰਦਾਸਪਰੁ, ਹਰਿੰਦਰ ਸਿੰਘ ਜੀਰਾ, ਮੇਘਨਾਥ ਸਿੰਘ ਬਠਿੰਡਾ, ਪ੍ਰਿੰਸੀਪਲ ਗੁਰਮੀਤ ਸਿੰਘ ਭਵਾਨੀਗੜ੍ਹ ਅਤੇ ਰਾਕੇਸ਼ ਸ਼ਰਮਾ ਮਲੇਰਕੋਟਲਾ ਆਦਿ ਸ਼ਾਮਿਲ ਹੋਏ।