ਬਟਾਲਾ- ਮੰਗਲਵਾਰ ਸਵੇਰੇ ਘਰੇਲੂ ਵਰਤੋਂ ਲਈ ਮੁੱਖ ਸਬਜ਼ੀ ਮੰਡੀ ’ਚੋ ਸਬਜ਼ੀ ਲੈ ਕੇ ਜਾ ਰਹੇ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ’ਤੇ ਇਕ ਸਾਬਕਾ ਫ਼ੌਜੀ ਵੱਲੋਂ ਗੋਲ਼ੀ ਚਲਾਉਣ ਦਾ ਮਾਮਲਾ ਸਾਮਣੇ ਆਇਆ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਵਾਸੀ ਹਸਨਪੁਰ ਕਲਾਂ ਨੇ ਦੱਸਿਆ ਕਿ ਮੇਰੇ ਘਰ ਮੇਰੇ ਪੁੱਤਰ ਦਾ ਧੀਮਾਨ ਸੀ ਜਿਸ ਨੂੰ ਲੈ ਕੇ ਮੈਂ ਬਟਾਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਸਬਜ਼ੀ ਮੰਡੀ ’ਚ ਪਾਰਕਿੰਗ ਦੇ ਠੇਕੇਦਾਰ ਮਨਜੀਤ ਸਿੰਘ ਸਾਬਕਾ ਫੌਜੀ ਨੇ ਮੈਨੂੰ ਪਰਚੀ ਕਟਾਉਣ ਲਈ ਕਿਹਾ ਅਤੇ ਮੈਂ ਉਸ ਨੂੰ ਕਿਹਾ ਕਿ ਇਹ ਮੈਂ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਿਹਾ ਹਾਂ, ਜਿਸ ’ਤੇ ਫੌਜੀ ਮੇਰੇ ਨਾਲ ਬਹਿਸ ਕਰਨ ਲੱਗ ਗਿਆ ਅਤੇ ਤੈਸ਼ ’ਚ ਆ ਕੇ ਉਸ ਨੇ ਮੇਰੇ ਪੈਰਾਂ ’ਤੇ ਗੋਲੀ ਚਲਾ ਦਿੱਤੀ, ਇਸ ਦੌਰਾਨ ਕਿਸੇ ਤਰ੍ਹਾਂ ਮੇਰਾ ਬਚਾਅ ਹੋ ਗਿਆ।
ਵਾਰਦਾਤ ਤੋਂ ਬਾਅਦ ਗੋਲ਼ੀ ਚਲਾਉਣ ਵਾਲਾ ਫ਼ੌਜੀ ਮੌਕੇ ਤੋਂ ਫ਼ਰਾਰ ਹੋ ਗਿਆ। ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਸ ਅਤੇ ਡੀ. ਐੱਸ. ਪੀ. ਲਲਿਤ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਤਫਤੀਸ਼ ਕੀਤੀ ਜਾ ਰਹੀ ਹੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ’ਤੇ ਗੋਲ਼ੀ ਚਲਾਉਣ ਦੇ ਦੋਸ਼ ਲੱਗੇ ਹਨ ਉਹ ਸਾਬਕਾ ਫੌਜੀ ਹੈ, ਜੋ ਕਿ ਮੌਕੇ ਤੋਂ ਫਰਾਰ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।