ਗੁਰਦਾਸਪੁਰ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਨਾਟਕੀ ਕਾਰਵਾਈ ਕਰਾਰ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਫਜ਼ੂਲ ਖ਼ਰਚੇ ਕਰਨ ਦੀ ਕੋਈ ਲੋੜ ਨਹੀਂ ਹੈ। ਰਵਾਇਤ ਅਨੁਸਾਰ ਵਿਧਾਨ ਸਭਾ ’ਚ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣਾ ਵਿਰੋਧੀ ਪਾਰਟੀਆਂ ਦਾ ਅਧਿਕਾਰ ਹੈ। ਭਗਵੰਤ ਮਾਨ ਦੀ ਸਰਕਾਰ ਸੱਤਾ ’ਚ ਆਉਣ ਦੇ 6 ਮਹੀਨਿਆਂ ਦੇ ਅੰਦਰ ਖ਼ਤਰਾ ਕਿਉਂ ਮਹਿਸੂਸ ਕਰ ਰਹੀ ਹੈ?
ਪ੍ਰਤਾਪ ਬਾਜਵਾ ਨੇ ਕਿਹਾ ਕਿ ਇੰਝ ਮਹਿਸੂਸ ਹੋ ਰਿਹਾ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਹੀ ਪਾਰਟੀ ਤੋਂ ਨਿਰਾਸ਼ ਹਨ ਅਤੇ ਪੱਖ ਬਦਲਣ ਲਈ ਤਿਆਰ ਹਨ ਜਾਂ ਇਹ ‘ਆਪ੍ਰੇਸ਼ਨ ਲੋਟਸ’ ਦੇ ਬੇਬੁਨਿਆਦ ਦੋਸ਼ਾਂ ਦੀ ਆੜ ਹੇਠ ਆਪਣੀ ਗੈਰ ਕਾਰਗੁਜ਼ਾਰੀ ’ਤੇ ਪਰਦਾ ਪਾਉਣ ਦਾ ਇਕ ਡਰਾਮਾ ਹੈ। ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਆਪਣੀ ਹੀ ਸਰਕਾਰ ਦੇ ਹੱਕ ’ਚ ਭਰੋਸੇ ਦਾ ਮਤਾ ਲਿਆਉਣਾ ਇਕ ਬੜੀ ਅਜੀਬ ਘਟਨਾ ਹੈ।