ਜਲੰਧਰ- ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਪੰਜਾਬ ’ਚ ਸ਼ੁਰੂ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਨੇਤਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਪੰਜਾਬ ’ਚ ਭਗਵਾਕਰਨ ਦੀ ਡਿਊਟੀ ਲੱਗ ਗਈ ਹੈ।ਪਿਛਲੇ ਕੁਝ ਦਿਨਾਂ ਤੋਂ ਕੈਪਟਨ ਦੀ ਕਾਂਗਰਸ ਦੇ ਨਿਰਾਸ਼ ਆਗੂਆਂ ਨਾਲ ਨਿੱਜੀ ਤੌਰ ’ਤੇ ਅਤੇ ਮੋਬਾਇਲ ’ਤੇ ਗੱਲਬਾਤ ਜਾਰੀ ਸੀ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ ਹੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ‘ਚ ਜੇਕਰ ਪੰਜਾਬ ’ਚ ‘ਆਪ’ ਸਰਕਾਰ ਆਪਣੀ ਭੂਮਿਕਾ ਨਿਭਾਉਣ ’ਚ ਨਾਕਾਮ ਰਹਿੰਦੀ ਹੈ ਤਾਂ ਇਹ ਭਵਿੱਖ ’ਚ ਸੋਚਣ ਵਾਲੀ ਗੱਲ ਹੈ।
ਕਾਂਗਰਸ ਦੇ ਦਰਜਨਾਂ ਆਗੂਆਂ ਦੀ ਭਾਜਪਾ ’ਚ ਸ਼ਾਮਲ ਹੋਣ ਦੀ ਤਿਆਰੀ ਹੈ। ਭਾਜਪਾ ’ਚ ਇਕ ਚੋਟੀ ਦੇ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਂਗਰਸ ’ਚ ਜੋ ਜ਼ਿਆਦਾ ਰੌਲਾ ਪਾ ਰਹੇ ਹਨ, ਉਹ ਵੀ ਭਾਜਪਾ ਦੇ ਸੰਪਰਕ ’ਚ ਹਨ।ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਕਾਂਗਰਸ ਦੇ ਨਿਰਾਸ਼ ਆਗੂਆਂ ਦੀਆਂ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਕ-ਇਕ ਕਰ ਕੇ ਨਿਰਾਸ਼ ਕਾਂਗਰਸੀ ਆਗੂਆਂ ਨੂੰ ਫੋਨ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਚਾਹ ’ਤੇ ਬੁਲਾਇਆ ਜਾ ਰਿਹਾ ਸੀ। ਇਕ ਦਿਨ ਪਹਿਲਾਂ ਹੀ ਕਾਂਗਰਸੀ ਆਗੂ, ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨਾਲ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ।ਇਕ ਗੱਲਬਾਤ ਦੌਰਾਨ ਕੇ. ਪੀ. ਨੇ ਕੈਪਟਨ ਨਾਲ ਹੋਈ ਮੁਲਾਕਾਤ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਹਾਂ ਜਾਂ ਨਾਂਹ ਕੁਝ ਨਹੀਂ ਕਿਹਾ, ਪਰ ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ’ਚ ਸੰਸਕ੍ਰਿਤੀ ਬਦਲ ਚੁੱਕੀ ਹੈ। ਈਮਾਨਦਾਰ ਅਤੇ ਵਫ਼ਾਦਾਰ ਲੋਕਾਂ ਦੀ ਇੱਜ਼ਤ ਨਹੀਂ ਰਹੀ।