ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਮੰਤਰੀ ਚੀਮਾ ਨੇ ਕਿਹਾ ਕਿ ਭਾਜਪਾ ਜੋ ਆਪ੍ਰੇਸ਼ਨ ਲੋਟਸ ਤਹਿਤ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ , ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਚੀਮਾ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਸੂਬਿਆਂ ਦੇ ਲੋਕ ਨਹੀਂ ਚਾਹੁੰਦੇ ਕੇ ਭਾਜਪਾ ਸੱਤਾ ‘ਚ ਆਵੇ, ਜਿਸ ਦੇ ਚੱਲਦਿਆਂ ਭਾਜਪਾ ਵਿਧਾਇਕਾਂ ਦੀ ਖਰੀਦ ਕਰਦੀ ਹੈ। ਭਾਜਪਾ ਚੋਰ-ਮੋਰੀ ਤੇ ਪੈਸੇ ਰਾਹੀਂ, ਸੀ.ਜੀ.ਆਈ ਤੇ ਈ.ਡੀ. ਦੇ ਜ਼ੋਰ ਤੋਂ ਇਲਾਵਾ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਂਦੀ ਹੈ।
ਇਸ ਦੇ ਨਾਲ ਹੀ ਮੰਤਰੀ ਚੀਮਾ ਨੇ ਦੱਸਿਆ ਕਿ ਭਾਜਪਾ ਪੰਜਾਬ ‘ਚ ਆਪਣੇ ਆਪ੍ਰੇਸ਼ਨ ਲੋਟਸ ਤਹਿਤ ਹੁਣ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਤੱਕ ਪਹੁੰਚ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਭਾਜਪਾ ਵੱਲੋਂ ਧਮਕਾਇਆ ਜਾ ਚੁੱਕਾ ਹੈ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਵਿੰਦਰ ਕੌਰ ਤੱਕ ਵੀ ਪਹੁੰਚ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਬਾਕੀ ਵਿਧਾਇਕਾਂ ਦਾ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ।