ਦੇਹਰਾਦੂਨ, 19 ਜੁਲਾਈ (ਦਲਜੀਤ ਸਿੰਘ)- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ 3 ਸਾਲ ਦੀ ਬੱਚੀ ਅਤੇ ਉਸ ਦੀ ਮਾਂ ਸਮੇਤ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਲਾਪਤਾ ਹੈ। ਪ੍ਰਦੇਸ਼ ਦੇ ਜ਼ਿਆਦਾਤਰ ਥਾਵਾਂ ’ਤੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ’ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਨੂੰ ਰਾਹਤ ਅਤੇ ਬਚਾਅ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਰਮਾਤਮਾ ਤੋਂ ਪ੍ਰਭਾਵਿਤਾਂ ਦੀ ਕੁਸ਼ਲਤਾ ਦੀ ਕਾਮਨਾ ਕਰਦਾ ਹਾਂ। ਉੱਤਰਾਕਾਸ਼ੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਉੱਤਰਾਕਾਸ਼ੀ ਜ਼ਿਲ੍ਹੇ ਦੇ ਗੰਗੋਰੀ ਰੋਡ ’ਤੇ ਮਾਂਡਵ ਪਿੰਡ ਵਿਚ ਬੱਦਲ ਫਟਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਜੀਅ ਮਾਧੁਰੀ ਦੇਵੀ (36), ਰਿਤੂ ਦੇਵੀ (32) ਅਤੇ ਉਸ ਦੀ ਤਿੰਨ ਸਾਲਾ ਪੁੱਤਰੀ ਦੀ ਮੌਤ ਹੋ ਗਈ।
ਤਿੰਨੋਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਨੇੜੇ ਕੰਕਰਾੜੀ ਪਿੰਡ ਵਿਚ ਵੀ ਮਲਬੇ ਵਿਚ ਇਕ ਹੋਰ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਮਲਬੇ ਵਿਚ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਅਤੇ ਸੂਬਾਈ ਰਾਜ ਆਫ਼ਤ ਮੋਚਨ ਬਲ ਦੀ ਟੀਮ ਨੇ ਤੁੰਰਤ ਬਚਾਅ ਅਤੇ ਰਾਹਤ ਮੁਹਿੰਮ ਸ਼ੁਰੂ ਕਰ ਕੇ ਜ਼ਿਆਦਾਤਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਓਧਰ ਪ੍ਰਦੇਸ਼ ਦੀਆਂ ਜ਼ਿਆਦਾਤਰ ਥਾਵਾਂ ’ਤੇ ਪਿਛਲੇ ਤਿੰਨ ਦਿਨਾਂ ਤੋਂ ਰੁੱਕ-ਰੁੱਕ ਕੇ ਲਗਾਤਾਰ ਜਾਰੀ ਮੀਂਹ ਨਾਲ ਗੰਗਾ, ਯਮੁਨਾ, ਭਾਗੀਰਥੀ, ਅਲਕਨੰਦਾ, ਮੰਦਾਕਿਨੀ, ਪਿੰਡਰ, ਨੰਦਾਕਿਨੀ, ਸਰਯੂ, ਗੋਰੀ, ਕਾਲੀ, ਰਾਮਗੰਗਾ ਆਦਿ ਸਾਰੀਆਂ ਨਦੀਆਂ ਉਫਾਨ ’ਤੇ ਹਨ ਅਤੇ ਜਿਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।