ਲੁਧਿਆਣਾ : ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ‘ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਮਗਰੋਂ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਰਾਡਾਰ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਨੇ ਲੁਧਿਆਣਾ ਵਿਜੀਲੈਂਸ ਬਿਓਰੋ ਤੋਂ ਪੂਰੇ ਮਾਮਲੇ ਦੀ ਫਾਈਲ ਤਲਬ ਕਰ ਲਈ ਹੈ।
ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਜਲਦੀ ਹੀ ਨਵੀਂ ਐੱਫ. ਆਈ. ਆਰ. ਦਰਜ ਹੋ ਸਕਦੀ ਹੈ।
ਦੂਜੇ ਪਾਸੇ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਫਿਰ 2 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਈ. ਡੀ. ਇਸ ਗੱਲ ਦੀ ਜਾਂਚ ਵੀ ਕਰੇਗੀ ਕਿ ਸਾਬਕਾ ਮੰਤਰੀ ਨੇ ਵਿਦੇਸ਼ ‘ਚ ਕਿੱਥੇ ਅਤੇ ਕਿੰਨਾ ਪੈਸਾ ਨਿਵੇਸ਼ ਕੀਤਾ ਹੈ। ਸੂਤਰਾਂ ਮੁਤਾਬਕ ਈ. ਡੀ. ਸਿੱਧੇ ਤੌਰ ‘ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਜਾਂਚ ਦੀ ਤਿਆਰੀ ‘ਚ ਹੈ। ਈ. ਡੀ. ਨੇ ਹੁਣ ਤੱਕ ਵਿਜੀਲੈਂਸ ਵੱਲੋਂ ਕੀਤੀ ਗਈ ਪੂਰੀ ਪੜਤਾਲ ਦੇ ਸਬੂਤਾਂ ਸਮੇਤ ਫਾਈਲ ਮੰਗੀ ਹੈ।