ਜਲੰਧਰ- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਅਤੇ ਬੇਅਸਰ ਸਰਕਾਰ ਬਣ ਕੇ ਉੱਭਰੀ ਹੈ। ਇਹ ਗੱਲ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਜਲੰਧਰ ਫੇਰੀ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪਹਿਲੇ ਚਾਰ-ਪੰਜ ਮਹੀਨਿਆਂ ’ਚ ਹੀ 500 ਕਰੋੜ ਰੁਪਏ ਦਾ ਸ਼ਰਾਬ ਘਪਲਾ ਹੋਇਆ ਹੈ, ਜਿਸ ਤਰ੍ਹਾਂ ਦਿੱਲੀ ’ਚ ਸ਼ਰਾਬ ਘਪਲੇ ਦੇ ਮਾਮਲੇ ’ਚ ਗ੍ਰਿਫ਼ਤਾਰੀਆਂ ਹੋਈਆਂ ਹਨ, ਉਸੇ ਤਰਜ਼ ’ਤੇ ਪੰਜਾਬ ’ਚ ਵੀ ਸੀ. ਬੀ. ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਵਲੋਂ ‘ਆਪ’ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।
ਬਾਦਲ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅੱਜ ਜਲੰਧਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਨਿਗਮ ਕੋਲ ਇਕ ਰੁਪਇਆ ਵੀ ਨਹੀਂ ਹੈ ਅਤੇ ਸੜਕਾਂ ’ਤੇ ਲਾਈਟਾਂ ਵੀ ਨਹੀਂ ਹਨ। ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸਿਰਫ਼ ਨਾਂ ਦੇ ਮੁੱਖ ਮੰਤਰੀ ਹਨ, ਅਸਲੀ ਮੁੱਖ ਮੰਤਰੀ ਰਾਘਵ ਚੱਢਾ ਹਨ, ਜਿਨ੍ਹਾਂ ਨੇ ਐਕਸਾਈਜ਼ ਅਤੇ ਹੋਰ ਕਈ ਥਾਵਾਂ ’ਤੇ ਲੁੱਟਮਾਰ ਕੀਤੀ ਹੈ। ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਉਹ ਪੰਜਾਬ ’ਚ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਕਰਵਾ ਰਿਹਾ ਹੈ। ਇਸ ਲਈ ਇਹ ਬਹੁਤ ਦੁੱਖ਼ ਦੀ ਗੱਲ ਹੈ ਕਿ ਪੰਜਾਬ ’ਚ ਅਗਲੇ 5 ਸਾਲ ਪੰਜਾਬ ਨੂੰ 20 ਸਾਲ ਪਿੱਛੇ ਲੈ ਜਾਣਗੇ। ਇਸ ਦੌਰਾਨ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ, ਜਗਬੀਰ ਸਿੰਘ ਬਰਾੜ, ਪਵਨ ਕੁਮਾਰ ਟੀਨੂੰ, ਚੰਦਨ ਗਰੇਵਾਲ, ਸੁਖਮਿੰਦਰ ਸਿੰਘ ਰਾਜਪਾਲ ਆਦਿ ਹਾਜ਼ਰ ਸਨ।