ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੁਲਾਂ ਨਾਲ ਸਜਾਉਣ ਲਈ ਦਿੱਲੀ ਅਤੇ ਕਲਕੱਤਾ ਤੋਂ ਕਾਰੀਗਰ ਆ ਗਏ ਹਨ। ਇਹ ਕਾਰੀਗਰ ਦੇਸ਼ਾਂ, ਵਿਦੇਸ਼ਾਂ ਤੋਂ ਸੈਂਕੜੇ ਕਿਸਮ ਦੇ ਆਏ ਫੁਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣ ’ਚ ਜੁਟੇ ਗਏ ਹਨ। ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੁਲਾਂ ਨਾਲ ਸਜਾਵਟ ਦਾ ਕੰਮ ਪੁਰੀ ਸ਼ਿੱਦਤ ਨਾਲ ਹੋ ਰਿਹਾ ਹੈ। ਪ੍ਰਕਾਸ਼ ਪੁਰਬ ਮੌਕੇ ਦੇਸ਼ਾਂ, ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਇਨ੍ਹਾਂ ਫੁਲਾਂ ਦੀ ਸਜਾਵਟ ਦਾ ਆਨੰਦ ਮਾਨਣਗੀਆਂ। ਇਸ ਸੰਬਧੀ ਗੱਲਬਾਤ ਕਰਦਿਆਂ ਦਿਲੀ ਤੋਂ ਅੰਮ੍ਰਿਤਸਰ ਪਹੁੰਚੇ ਫੁਲਾਂ ਦੀ ਸਜਾਵਟ ਕਰਨ ਵਾਲੇ ਸੰਚਿਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਫੁਲਾਂ ਦੀ ਸਜਾਵਟ ਕਰਨ ਦਾ ਮੌਕਾ ਮਿਲਿਆ ਹੈ।
4 ਦਿਨਾਂ ਵਿੱਚ ਸੈਂਕੜੇ ਕਾਰੀਗਰਾਂ ਵਲੋਂ ਲੱਖਾਂ ਦੀ ਗਿਣਤੀ ਵਿਚ ਫੁਲਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਜਾਵਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਜਾਵਟ ਲਈ ਜਿਥੇ ਦੇਸ਼ ਦੇ ਕੋਨੇ-ਕੋਨੇ ਤੋਂ ਫੁੱਲ ਮੰਗਵਾਏ ਗਏ ਹਨ, ਉਥੇ ਹੀ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਫੁਲਾਂ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 7 ਟਰੱਕ ਭਰ ਕੇ ਫੁੱਲ ਸਜਾਵਟ ਲਈ ਲੱਗ ਚੁੱਕੇ ਹਨ ਅਤੇ ਹੋਰ ਫੁਲ ਵੀ ਮੰਗਵਾਏ ਜਾਣਗੇ। ਇਨ੍ਹਾਂ ਫੁਲਾਂ ਨੂੰ ਤਰੋ ਤਾਜ਼ਾ ਰੱਖਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।