ਪਠਾਨਕੋਟ- ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਤੇ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਨੈਰੋਗੇਜ ਰੇਲਵੇ ਪੁਲ ਚੱਕੀ ਦਰਿਆ ‘ਚ ਰੁੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਚੱਕੀ ਦਰਿਆ ‘ਤੇ ਬਣੇ ਚੱਕੀ ਪੁਲ ਦੀ ਪੂਰੀ ਦੀ ਪੂਰੀ ਰੇਲਵੇ ਲਾਈਨ ਦਰਿਆ ‘ਚ ਰੁੜ੍ਹ ਗਈ ਹੈ।
ਇਸ ਤੋਂ ਬਾਅਦ ਪਠਾਨਕੋਟ-ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਠਾਨਕੋਟ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਿਛਲੇ ਦਿਨੀਂ ਇਸ ਪੁਲ ‘ਤੇ ਕੁੱਝ ਤਰੇੜਾਂ ਆ ਗਈਆਂ ਸਨ, ਜਿਸ ਤੋਂ ਬਾਅਦ ਪੁਲ ਨੂੰ ਅਸੁਰੱਖਿਤ ਐਲਾਨਿਆ ਗਿਆ ਸੀ।
ਦੱਸਣਯੋਗ ਹੈ ਕਿ ਹਿਮਾਚਲ ਤੋਂ ਪਠਾਨਕੋਟ ਅਤੇ ਪਠਾਨਕੋਟ ਤੋਂ ਹਿਮਾਚਲ ਜਾਣ ਲਈ ਇਹ ਇੱਕੋ-ਇਕ ਰਾਹ ਸੀ, ਜੋ ਕਿ ਹੁਣ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਿਆ ਹੈ। ਰੇਲ ਦਾ ਕਿਰਾਇਆ ਘੱਟ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੀ ਹੋਈ ਸੀ ਪਰ ਹੁਣ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।